ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 20 ਜੁਲਾਈ
ਮਨੀਮਾਜਰਾ ਸਥਿਤ ਐਕਸਿਸ ਬੈਂਕ ਵਿੱਚ ਨਕਦੀ ਜਮ੍ਹਾਂ ਕਰਵਾਉਣ ਆਏ ਪੈਟਰੋਲ ਪੰਪ ਦੇ ਮੁਲਾਜ਼ਮਾਂ ਤੋਂ 10 ਲੱਖ ਰੁਪਏ ਖੋਹਣ ਦੀ ਕੋਸ਼ਿਸ਼ ਕੀਤੀ ਗਈ। ਕਲਾਗ੍ਰਾਮ ਸਾਹਮਣੇ ਪੈਂਦੇ ਮਨੀਮਾਜਰਾ ਪੈਟਰੋਲ ਪੰਪ ਦੇ ਦੋ ਮੁਲਾਜ਼ਮ ਮੋਟਰਸਾਈਕਲ ’ਤੇ 10 ਲੱਖ ਰੁਪਏ ਬੈਂਕ ਵਿੱਚ ਜਮ੍ਹਾਂ ਕਰਵਾਉਣ ਗਏ ਸਨ। ਜਦੋਂ ਉਹ ਬੈਂਕ ਦੇ ਬਾਹਰ ਮੋਟਰਸਾਈਕਲ ਖੜ੍ਹਾ ਕਰਨ ਲੱਗੇ ਤਾਂ ਹੈਲਮਟ ਪਾ ਕੇ ਆਏ ਵਿਅਕਤੀ ਨੇ ਪੈਸਿਆਂ ਦਾ ਭਰਿਆ ਬੈਗ ਖੋਹਣ ਦੀ ਕੋਸ਼ਿਸ਼ ਕੀਤੀ। ਲੁਟੇਰੇ ਨੇ ਕਰਿੰਦੇ ’ਤੇ ਤਿੱਖੀ ਚੀਜ਼ ਨਾਲ ਹਮਲਾ ਕੀਤਾ ਤੇ ਬੈਗ ਖੋਹ ਕੇ ਫ਼ਰਾਰ ਹੋ ਗਿਆ। ਮੋਟਰਸਾਈਕਲ ਸਵਾਰ ਵਿਅਕਤੀ ਸਮੇਤ ਉੱਥੇ ਹਾਜ਼ਰ ਹੋਰ ਲੋਕਾਂ ਨੇ ਲੁਟੇਰੇ ਦਾ ਪਿੱਛਾ ਕੀਤਾ ਤਾਂ ਉਹ ਬੈਗ ਸੁੱਟ ਕੇ ਫ਼ਰਾਰ ਹੋ ਗਿਆ। ਥਾਣਾ ਮੌਲੀ ਜੱਗਰਾਂ ਦੀ ਪੁਲੀਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।