ਖਰੜ (ਪੱਤਰ ਪ੍ਰੇਰਕ): ਖਰੜ ਦੇ ਗੁਰੂ ਤੇਗ ਬਹਾਦਰ ਨਗਰ ’ਚ ਅੱਜ ਜੁੱਤੀਆਂ ਦੀ ਦੁਕਾਨ ਕਰਦੇ ਇੱਕ ਵਿਅਕਤੀ ਉੱਤੇ ਪੈਟਰੋਲ ਪਾ ਕੇ ਅੱਗ ਲਾ ਦਿੱਤੀ ਗਈ। ਘਟਨਾ ਦੌਰਾਨ ਦੁਕਾਨ ਦਾ ਸਾਮਾਨ ਵੀ ਸੜ ਗਿਆ। ਸਿਵਲ ਹਸਪਤਾਲ ’ਚ ਜ਼ੇਰੇ ਇਲਾਜ ਰਾਜ ਕੁਮਾਰ ਨੇ ਦੱਸਿਆ ਕਿ ਉਸ ਦੀ ਦੁਕਾਨ ਦੇ ਨਾਲ ਹੀ ਪੀਜੀ ’ਚ ਰਹਿੰਦੇ ਤਿੰਨ-ਚਾਰ ਲੜਕੇ ਰਾਤ ਸਮੇਂ ਗਾਲ੍ਹੀ-ਗਲੋਚ ਕਰਦੇ ਸਨ। ਇਸ ਬਾਰੇ ਦੱਸਣ ’ਤੇ ਪੀਜੀ ਮਾਲਕ ਨੇ ਉਨ੍ਹਾਂ ਕੋਲੋਂ ਪੀਜੀ ਖਾਲੀ ਕਰਵਾ ਲਿਆ। ਇਸੇ ਖੁੰਦਕ ਤਹਿਤ ਅੱਜ ਸਵੇਰ ਇੱਕ ਲੜਕੇ ਨੇ ਉਸ ’ਤੇ ਪੈਟਰੋਲ ਛਿੜਕ ਕੇ ਅੱਗ ਲਾ ਦਿੱਤੀ। ਖਰੜ ਸਿਟੀ ਥਾਣੇ ਦੀ ਪੁਲੀਸ ਨੇ ਦੱਸਿਆ ਇਸ ਸਬੰਧੀ ਅਮਨ ਨਾਮ ਦੇ ਮੁਲਜ਼ਮ ਵਿਰੁੱਧ ਕੇਸ ਦਰਜ ਕਰ ਲਿਆ ਹੈ।