ਪੱਤਰ ਪ੍ਰੇਰਕ
ਲਾਲੜੂ, 5 ਦਸੰਬਰ
ਨਜ਼ਦੀਕੀ ਪਿੰਡ ਧੀਰੇਮਾਜਰਾ ਵਿੱਚ ਪਾਵਰਕੌਮ ਦੇ ਲਾਈਨਮੈਨ ’ਤੇ ਕੁੱਝ ਵਿਅਕਤੀਆਂ ਨੇ ਕਥਿਤ ਹਮਲਾ ਕਰ ਦਿੱਤਾ ਅਤੇ ਉਹ ਸਿਵਲ ਹਸਪਤਾਲ ਡੇਰਾਬਸੀ ਵਿੱਚ ਜੇਰੇ ਇਲਾਜ ਹੈ। ਲਾਈਨਮੈਨ ਬਹਾਦਰ ਸਿੰਘ ਵਾਸੀ ਸਿਤਾਰਪੁਰ ਨੇ ਦੱਸਿਆ ਕਿ ਉਹ ਉਪ ਮੰਡਲ ਹੰਡੇਸਰਾ ਵਿੱਚ ਬਤੌਰ ਲਾਈਨਮੈਨ ਹੈ, ਬੀਤੇ ਦਿਨੀਂ ਉਹ ਟਰਾਂਸਫਾਰਮ ਲੈਣ ਲਈ ਮੁਹਾਲੀ ਗਿਆ ਸੀ। ਇਸੇ ਦੌਰਾਨ ਬਿਜਲੀ ਦੇ ਕੱਟਾਂ ਕਾਰਨ ਪਿੰਡ ਧੀਰੇਮਾਜਰਾ ਦੀ ਬਿਜਲੀ ਸਪਲਾਈ ਬੰਦ ਸੀ, ਜਿਸ ਬਾਰੇ ਇਸ ਪਿੰਡ ਦੇ ਹਰਮਨ, ਮੇਜਰ ਸਿੰਘ ਅਤੇ ਸੁੱਖੇ ਨੇ ਉਸ ਨੂੰ ਬਿਜਲੀ ਕੱਟ ਬਾਰੇ ਪੁੱਛਿਆ, ਜਿਸ ਬਾਰੇ ਉਸ ਨੇ ਅਣਜਾਣਤਾ ਪ੍ਰਗਟ ਕੀਤੀ। ਇਸ ਨੂੰ ਲੈ ਕੇ ਉਨ੍ਹਾਂ ਨੇ ਫੋਨ ’ਤੇ ਧਮਕਾਉਣਾ ਸ਼ੁਰੂ ਕਰ ਦਿੱਤਾ। ਜਦ ਉਹ ਸ਼ਾਮ ਨੂੰ ਆਪਣੇ ਪਿੰਡ ਆ ਰਿਹਾ ਸੀ ਤਾਂ ਰਸਤੇ ਵਿੱਚ ਧੀਰੇਮਾਜਰੇ ਦੇ ਬਾਹਰ ਹਰਮਨ, ਮੇਜਰ, ਸੁੱਖਾ ਤੇ ਕੁੱਝ ਅਣਪਛਾਤੇ ਵਿਅਕਤੀਆਂ ਨੇ ਉਸ ਦੀ ਕੁੱਟਮਾਰ ਕੀਤੀ। ਪੀੜਤ ਨੇ ਲਾਲੜੂ ਪੁਲੀਸ ਨੂੰ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ।