ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 15 ਸਤੰਬਰ
ਮਨੀਮਾਜਰਾ ਵਿੱਚ ਸਕਰੈਪ ਕਾਰੋਬਾਰੀ ਅਤੇ ਉਸਦੇ ਪੁੱਤਰ ’ਤੇ ਦਰਜਨ ਨੌਜਵਾਨਾਂ ਨੇ ਹਮਲਾ ਕਰ ਦਿੱਤਾ ਜਿਸ ਦੌਰਾਨ ਦੋਵਾਂ ਨੂੰ ਕਾਫ਼ੀ ਸੱਟਾਂ ਵੱਜੀਆਂ, ਜਿਨ੍ਹਾਂ ਨੂੰ ਸੈਕਟਰ-32 ਦੇ ਹਸਪਤਾਲ ਭਰਤੀ ਕਰਵਾਇਆ ਗਿਆ ਹੈ। ਪੀੜਤ ਦੀ ਪਛਾਣ ਓਮ ਪ੍ਰਕਾਸ਼ ਵਾਸੀ ਪੰਚਕੂਲਾ ਅਤੇ ਉਸ ਦੇ ਪੁੱਤਰ ਵਿਦਿਤ ਗੋਇਲ ਵਜੋਂ ਹੋਈ ਹੈ। ਥਾਣਾ ਮਨੀਮਾਜਰਾ ਦੀ ਪੁਲੀਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਮਨੀਮਾਜਰਾ ਵਿੱਚ ਸਕਰੈਪ ਕਾਰੋਬਾਰੀ ’ਤੇ ਅੱਜ ਇੱਕ ਦਰਜਨ ਨੌਜਵਾਨਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਪੀੜਤਾਂ ਦਾ ਕਹਿਣਾ ਹੈ ਕਿ ਹਮਲਾਵਰ ਉਨ੍ਹਾਂ ਦੇ ਗਹਿਣੇ ਅਤੇ 78 ਹਜ਼ਾਰ ਰੁਪਏ ਨਕਦੀ ਖੋਹ ਕੇ ਫ਼ਰਾਰ ਹੋ ਗਏ। ਥਾਣਾ ਮਨੀਮਾਜਰਾ ਦੀ ਪੁਲੀਸ ਨੇ ਮਾਮਲੇ ਦੀ ਜਾਣਕਾਰੀ ਮਿਲਦੇ ਹੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲੀਸ ਵੱਲੋਂ ਮਾਮਲੇ ਦੀ ਕੀਤੀ ਗਈ ਮੁੱਢਲੀ ਜਾਂਚ ਦੌਰਾਨ ਪੁਲੀਸ ਨੇ ਪੀੜਤਾਂ ਦੇ ਬਿਆਨ ਦਰਜ ਕਰ ਲਏ ਹਨ ਜਦਕਿ ਡਾਕਟਰੀ ਰਿਪੋਰਟ ਆਉਣ ਤੋਂ ਬਾਅਦ ਅਗਲੇਰੀ ਕਾਰਵਾਈ ਕਰਨ ਦਾ ਦਾਅਵਾ ਕੀਤਾ ਜਾ ਰਿਹਾ ਹੈ।
ਦੋ ਭਰਾਵਾਂ ਵੱਲੋਂ ਮਤਰੇਈ ਮਾਂ ’ਤੇ ਹਮਲਾ
ਅੰਬਾਲਾ: ਥਾਣਾ ਬਰਾੜਾ ਤਹਿਤ ਪੈਂਦੇ ਪਿੰਡ ਉਗਾਲਾ ਵਿੱਚ ਦੋ ਭਰਾਵਾਂ ਨੇ ਆਪਣੀ ਮਤਰੇਈ ਮਾਂ ’ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ। ਮਹਿਲਾ ਨੂੰ ਲਹੂ-ਲੁਹਾਣ ਹਾਲਤ ਵਿੱਚ ਸੀਐੱਚਸੀ ਬਰਾੜਾ ਦਾਖ਼ਲ ਕਰਵਾਇਆ ਗਿਆ। ਪੁਲੀਸ ਨੇ ਪੀੜਤ ਮਹਿਲਾ ਕ੍ਰਿਸ਼ਨਾ ਦੇਵੀ ਪਤਨੀ ਕੰਵਰ ਪਾਲ ਦੀ ਸ਼ਿਕਾਇਤ ’ਤੇ ਤਿੰਨ ਜਣਿਆਂ ਖ਼ਿਲਾਫ਼ ਧਾਰਾ 307 ਤਹਿਤ ਕੇਸ ਦਰਜ ਕਰ ਲਿਆ ਹੈ। ਜਾਣਕਾਰੀ ਮੁਤਾਬਕ ਕ੍ਰਿਸ਼ਨਾ ਦੇਵੀ (50) ਨੇ ਪੁਲੀਸ ਨੂੰ ਦਿੱਤੇ ਬਿਆਨ ਵਿੱਚ ਦੱਸਿਆ ਕਿ ਪਹਿਲੀ ਪਤਨੀ ਗੁੱਡੀ ਦੀ ਮੌਤ ਤੋਂ ਬਾਅਦ ਕੰਵਰ ਪਾਲ ਨੇ ਸਾਲ 2007 ਵਿੱਚ ਉਸ ਨਾਲ ਦੂਜੀ ਸ਼ਾਦੀ ਕੀਤੀ ਸੀ। ਪਹਿਲੀ ਸ਼ਾਦੀ ਵਿੱਚੋਂ ਵਿਸ਼ਾਲ ਅਤੇ ਆਸ਼ੂ ਕੰਵਰ ਪਾਲ ਦੇ ਦੋ ਬੇਟੇ ਹਨ। ਕਰੀਬ 4-5 ਸਾਲ ਪਹਿਲਾਂ ਦੋਵਾਂ ਦੇ ਮਨ ਵਿੱਚ ਧਾਰਨਾ ਬਣ ਗਈ ਕਿ ਕੰਵਰਪਾਲ ਸਿਰਫ਼ ਉਸ ਦੀ ਗੱਲ ਮੰਨਦਾ ਹੈ ਅਤੇ ਆਸ਼ੂ ਤੇ ਵਿਸ਼ਾਲ ਦੀ ਪਰਵਾਹ ਨਹੀਂ ਕਰਦਾ। ਉਸਨੇ ਦੋਸ਼ ਲਾਇਆ ਕਿ ਬੀਤੀ ਦੁਪਹਿਰ 1 ਵਜੇ ਦੇ ਕਰੀਬ ਆਸ਼ੂ ਆਪਣੇ ਭਰਾ ਵਿਸ਼ਾਲ ਅਤੇ ਇੱਕ ਹੋਰ ਲੜਕੇ ਵਿਕਰਮ ਨਾਲ ਹੱਥ ਵਿੱਚ ਕੈਂਚੀ ਲਿਆਇਆ। ਵਿਕਰਮ ਅਤੇ ਵਿਸ਼ਾਲ ਨੇ ਉਸ ਦੇ ਹੱਥ ਫੜ ਲਏ ਅਤੇ ਆਸ਼ੂ ਨੇ ਜਾਨੋਂ ਮਾਰਨ ਦੀ ਨੀਅਤ ਨਾਲ ਉਸ ਉੱਤੇ ਕੈਂਚੀ ਦੇ ਕਈ ਵਾਰ ਕੀਤੇ। ਰੌਲਾ ਸੁਣ ਕੇ ਲੋਕ ਇਕੱਠੇ ਹੋ ਗਏ ਅਤੇ ਤਿੰਨੋਂ ਮੌਕੇ ਤੋਂ ਭੱਜ ਗਏ। ਪੁਲੀਸ ਨੇ ਬਿਆਨ ਦੇ ਆਧਾਰ ’ਤੇ ਵਿਸ਼ਾਲ, ਆਸ਼ੂ ਅਤੇ ਵਿਕਰਮ ਖ਼ਿਲਾਫ਼ ਕੇਸ ਦਰਜ ਕਰ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। -ਨਿੱਜੀ ਪੱਤਰ ਪ੍ਰੇਰਕ