ਨਿੱਜੀ ਪੱਤਰ ਪ੍ਰੇਰਕ
ਜ਼ੀਰਕਪੁਰ, 29 ਅਕਤੂਬਰ
ਇਥੋਂ ਦੇ ਭਬਾਤ ਗੋਦਾਮ ਖੇਤਰ ਵਿੱਚ ਮਾਲ ਲੈ ਕੇ ਆਏ ਕੈਂਟਰ ਚਾਲਕ ’ਤੇ ਲੁਟੇਰਿਆਂ ਨੇ ਚਾਕੂਆਂ ਨਾਲ ਹਮਲਾ ਕਰ ਕੇ ਲੁੱਟ ਲਿਆ। ਲੁਟੇਰਿਆਂ ਨੇ ਚਾਲਕ ਨੂੰ ਜ਼ਖ਼ਮੀ ਕਰ ਉਸ ਤੋਂ ਛੇ ਹਜ਼ਾਰ ਦੀ ਨਕਦੀ, ਚਾਂਦੀ ਦੀ ਚੇਨੀ ਸਮੇਤ ਹੋਰ ਜ਼ਰੂਰੀ ਦਸਤਾਵੇਜ਼ ਖੋਹ ਲਏ। ਜ਼ਖ਼ਮੀ ਚਾਲਕ ਦੀ ਪਛਾਣ ਰਾਜੇਸ਼ ਕੁਮਾਰ ਵਾਸੀ ਪਿੰਡ ਚਨ ਚੱਕ ਕੈਥਲ ਵਜੋਂ ਹੋਈ ਹੈ। ਜ਼ਖ਼ਮੀ ਨੂੰ ਪਹਿਲਾਂ ਪ੍ਰਾਈਵੇਟ ਹਸਪਤਾਲ ਦਾਖਲ ਕਰਵਾਇਆ ਗਿਆ ਤੇ ਬਾਅਦ ਵਿੱਚ ਚੰਡੀਗੜ੍ਹ ਦੇ ਸੈਕਟਰ 32 ਹਸਪਤਾਲ ਵਿੱਚ ਰੈਫਰ ਕਰ ਦਿੱਤਾ ਗਿਆ। ਪੁਲੀਸ ਨੇ ਤਿੰਨ ਅਣਪਛਾਤੇ ਲੁਟੇਰਿਆਂ ਖ਼ਿਲਾਫ਼ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਕੈਂਟਰ ਚਾਲਕ ਰਾਜੇਸ਼ ਕੁਮਾਰ ਨੇ ਪੁਲੀਸ ਨੂੰ ਦੱਸਿਆ ਕਿ ਉਹ ਕੈਥਲ ਦੇ ਇਕ ਸ਼ੈਲਰ ਤੋਂ ਚਾਵਲ ਲੈ ਕੇ ਜ਼ੀਰਕਪੁਰ ਦੇ ਗੋਦਾਮ ਖੇਤਰ ਵਿੱਚ ਆਇਆ ਸੀ। ਉਹ ਇਥੇ ਬੀਤੇ ਦਿਨ ਦੁਪਹਿਰ ਤਿੰਨ ਵਜੇ ਪਹੁੰਚਿਆ ਸੀ। ਰਾਤ ਨੂੰ ਉਹ ਹਾਈਵੇਅ ਦੇ ਨਾਲ ਬਣੀ ਸਰਵਿਸ ਲੇਨ ’ਤੇ ਕੈਂਟਰ ਲੈ ਕੇ ਖੜ੍ਹਾ ਸੀ। ਉਸ ਕੋਲ ਤਿੰਨ ਨੌਜਵਾਨ ਪਤਾ ਪੁੱਛਣ ਦੇ ਬਹਾਨੇ ਆਏ ਤੇ ਹਮਲਾ ਕਰ ਦਿੱਤਾ। ਤਿੰਨ ਨੌਜਵਾਨਾਂ ਵਿੱਚੋਂ ਦੋ ਨੇ ਚਾਕੂ ਫੜੇ ਹੋਏ ਸਨ ਅਤੇ ਇਕ ਨੇ ਡੰਡਾ ਫੜਿਆ ਹੋਇਆ ਸੀ ਤੇ ਉਸ ’ਤੇ ਕਈ ਵਾਰ ਕੀਤੇ ਗਏ।