ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 25 ਅਗਸਤ
ਇੱਥੋਂ ਦੇ ਸੈਕਟਰ-22 ’ਚ ਸਥਿਤ ਜੂਸ ਕਾਰੋਬਾਰੀ ’ਤੇ ਲੰਘੀ ਰਾਤ ਕੁਝ ਨੌਜਵਾਨਾਂ ਨੇ ਕਾਤਲਾਨਾ ਹਮਲਾ ਕਰ ਦਿੱਤਾ ਹੈ। ਇਸ ਦੌਰਾਨ ਜੂਸ ਦੀ ਦੁਕਾਨ ਚਲਾਉਣ ਵਾਲੇ ਪਿਉ-ਪੁੱਤ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਸੈਕਟਰ-16 ਦੇ ਹਸਪਤਾਲ ’ਚ ਮੁੱਢਲੀ ਜਾਂਚ ਲਈ ਲਿਜਾਇਆ ਗਿਆ। ਪੀੜਤਾਂ ਦੀ ਪਛਾਣ ਪਿਉ ਅਸ਼ੋਕ ਕੁਮਾਰ ਤੇ ਪੁੱਤ ਵਿਨੈ ਕੁਮਾਰ ਵਜੋਂ ਹੋਈ ਹੈ। ਘਟਨਾ ਦੀ ਜਾਣਕਾਰੀ ਮਿਲਦੇ ਹੀ ਪੁਲੀਸ ਚੌਕੀ ਸੈਕਟਰ-22 ਦੀ ਪੁਲੀਸ ਨੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਦੋਵੇਂ ਧਿਰਾਂ ਸੈਕਟਰ-22 ਵਿੱਚ ਜੂਸ ਦਾ ਕਾਰੋਬਾਰ ਕਰਦੀਆਂ ਹਨ। ਜਿਨ੍ਹਾਂ ਵਿਚਕਾਰ ਕੁਝ ਦਿਨਾਂ ਤੋਂ ਤਕਰਾਰ ਹੋ ਰਹੀ ਸੀ। ਇਸ ਦਾ ਕਾਰਨ ਕੁਝ ਦਿਨ ਪਲਿਾਂ ਹਮਲਾਵਰਾਂ ਦੀ ਦੁਕਾਨ ’ਤੇ ਕੰਮ ਕਰਨ ਵਾਲੇ ਲੜਕੇ ਨੇ ਅਸ਼ੋਕ ਕੁਮਾਰ ਦੀ ਦੁਕਾਨ ’ਤੇ ਆਏ ਗਾਹਕ ਨੂੰ ਆਵਾਜ਼ ਮਾਰ ਲਈ, ਜਿਸ ਦਾ ਅਸ਼ੋਕ ਕੁਮਾਰ ਨੇ ਵਿਰੋਧ ਕੀਤਾ। ਉਸ ਮਗਰੋਂ ਦੋਵਾਂ ’ਚ ਤਕਰਾਰ ਚੱਲ ਰਹੀ ਸੀ। ਇਹ ਤਕਰਾਰ ਇੰਨੀ ਵਧ ਗਈ ਕਿ ਬੁੱਧਵਾਰ ਰਾਤ 11.30 ਵਜੇ ਦੇ ਕਰੀਬ ਅੱਧਾ ਦਰਜਨ ਨੌਜਵਾਨਾਂ ਨੇ ਅਸ਼ੋਕ ਤੇ ਵਿਨੈ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਇਸ ਦੌਰਾਨ ਪਿਉ-ਪੁੱਤ ਦੇ ਸੱਟਾਂ ਵੱਜੀਆਂ। ਥਾਣਾ ਸੈਕਟਰ-17 ਦੀ ਪੁਲੀਸ ਨੇ ਪੀੜਤਾਂ ਦੀ ਸ਼ਿਕਾਇਤ ’ਤੇ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਸਿਟੀ ਬਿਊਟੀਫੁੱਲ ਵਿੱਚ ਪਿਛਲੇ ਕੁਝ ਦਿਨਾਂ ਤੋਂ ਹੱਤਿਆਵਾਂ ਦਾ ਦੌਰ ਚੱਲ ਰਿਹਾ ਹੈ, ਜਿੱਥੇ ਹਾਲ ਹੀ ਵਿੱਚ 4 ਜਣਿਆਂ ਦੀਆਂ ਹੱਤਿਆਵਾਂ ਹੋ ਗਈਆਂ। ਜਦੋਂ ਕਿ ਸੈਕਟਰ-22 ਵਿੱਚ ਵੀ ਚਾਰ ਦਿਨ ਪਹਿਲਾਂ ਨੌਜਵਾਨਾਂ ਦੇ ਦੋ ਧੜਿਆਂ ਵਿੱਚ ਝਗੜਾ ਹੋ ਗਿਆ, ਜਿਸ ਦੌਰਾਨ ਇਕ ਨੌਜਵਾਨ ਦੀ ਮੌਤ ਹੋ ਗਈ। ਉਸ ਮਾਮਲੇ ’ਚ ਵੀ ਚੰਡੀਗੜ੍ਹ ਪੁਲੀਸ ਨੇ ਕੁਝ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਦੋਂਕਿ ਅਸਲ ਮੁਲਜ਼ਮ ਪੁਲੀਸ ਦੀ ਗ੍ਰਿਫ਼ਤ ਵਿੱਚੋਂ ਬਾਹਰ ਹੈ।