ਪੱਤਰ ਪ੍ਰੇਰਕ
ਐੱਸਏਐੱਸ ਨਗਰ (ਮੁਹਾਲੀ), 12 ਜੁਲਾਈ
ਮੁਹਾਲੀ ਪੁਲੀਸ ਨੇ ਏਟੀਐੱਮ ਕਾਰਡ ਕਲੋਨਿੰਗ ਕਰਕੇ ਠੱਗੀਆਂ ਮਾਰਨ ਵਾਲੇ ਗਰੋਹ ਦਾ ਪਰਦਾਫਾਸ਼ ਕਰਕੇ ਦੋ ਮੁਲਜ਼ਮਾਂ ਸਾਵੇਜ ਤੇ ਰਾਜੀਵ ਕੁਮਾਰ (ਵਾਸੀ ਜਲੰਧਰ) ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਖ਼ਿਲਾਫ਼ ਥਾਣਾ ਫੇਜ਼-1 ਵਿੱਚ ਧਾਰਾ 420, 120-ਬੀ ਅਤੇ ਆਈਟੀ ਐਕਟ 60-ਸੀ, 66-ਡੀ ਤਹਿਤ ਕੇਸ ਦਰਜ ਕੀਤਾ ਗਿਆ ਹੈ। ਇਸ ਮਾਮਲੇ ਵਿੱਚ ਮੁਲਜ਼ਮਾਂ ਦੇ ਤੀਜੇ ਸਾਥੀ ਬਿਮਲ ਖਹਿਰਾ (ਜਲੰਧਰ) ਨੂੰ ਨਾਮਜ਼ਦ ਕੀਤਾ ਗਿਆ ਹੈ। ਮੁਹਾਲੀ ਦੇ ਐੱਸਪੀ (ਟਰੈਫ਼ਿਕ) ਗੁਰਜੋਤ ਸਿੰਘ ਕਲੇਰ ਨੇ ਦੱਸਿਆ ਕਿ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਨਾਲ ਸਾਈਬਰ ਸੈੱਲ ਦੀਆਂ ਕਰੀਬ 100 ਸ਼ਿਕਾਇਤਾਂ ਦਾ ਨਬਿੇੜਾ ਹੋ ਗਿਆ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਦੇ ਟਿਕਾਣਿਆਂ ਤੋਂ 6 ਲੱਖ 89 ਹਜ਼ਾਰ ਰੁਪਏ ਦੀ ਨਗਦੀ, ਇਕ ਏਟੀਐੱਮ ਕਾਰਡ ਡੇਟਾ ਸਕੈਨ ਕਰਨ ਵਾਲੀ ਮਸ਼ੀਨ, ਇਕ ਫਾਇਰ ਸੈਂਸਰ ਵਿੱਚ ਲੱਗਿਆ ਕੈਮਰਾ, ਇਕ ਲੈਪਟਾਪ ਅਤੇ ਠੱਗੀ ਦੇ ਪੈਸਿਆਂ ਨਾਲ ਖ਼ਰੀਦਿਆਂ 1 ਐੱਪਲ ਦਾ ਮੋਬਾਈਲ ਫੋਨ, ਐੱਪਲ ਦੀ ਇਕ ਘੜੀ ਅਤੇ ਵੰਨ ਪਲੱਸ ਮਾਅਰਕਾ ਇਕ ਮੋਬਾਈਲ ਫੋਨ ਬਰਾਮਦ ਕੀਤਾ ਗਿਆ ਹੈ। ਪੁਲੀਸ ਮੁਤਾਬਕ ਇਹ ਵਿਅਕਤੀ ਫੇਜ਼-1 ਅਤੇ ਫੇਜ਼-5 ਸਮੇਤ ਹੋਰ ਵੱਖ-ਵੱਖ ਏਟੀਐੱਮ ਅਤੇ ਕਾਰਡ ਕਲੋਨਿੰਗ ਦੀਆਂ ਮਸ਼ੀਨਾਂ ’ਤੇ ਕੈਮਰੇ ਲਗਾ ਕੇ ਡੇਟਾ ਇਕੱਠਾ ਕਰਕੇ ਜਲੰਧਰ ਵਿੱਚ ਆਪਣੇ ਟਿਕਾਣੇ ’ਤੇ ਬੈਠ ਕੇ ਲੈਪਟਾਪ ਦੀ ਮਦਦ ਨਾਲ ਜਾਅਲੀ ਕਲੋਨ ਕਾਰਡ ਤਿਆਰ ਕਰਕੇ ਵੱਖ-ਵੱਖ ਏਟੀਐੱਮਜ਼ ’ਚੋਂ ਪੈਸੇ ਕਢਵਾ ਲੈਂਦੇ ਸਨ। ਮੁਲਜ਼ਮਾਂ ਨੂੰ ਕਾਬੂ ਕਰਨ ਵਿੱਚ ਸਾਈਬਰ ਸੈੱਲ ਦੇ ਡੀਐੱਸਪੀ ਅਮਰਪ੍ਰੀਤ ਸਿੰਘ ਅਤੇ ਟੈਕਨੀਕਲ ਸਪੋਰਟ, ਫੋਰੈਂਸਿਕ ਅਤੇ ਟਰੈਫ਼ਿਕ ਪੁਲੀਸ ਟੀਮ ਨੇ ਅਹਿਮ ਭੂਮਿਕਾ ਨਿਭਾਈ ਹੈ।
ਪਿਨ ਨੰਬਰ ਬਦਲਦੇ ਰਹਿਣ ਦੀ ਹਦਾਇਤ
ਜਿਹੜੇ ਵਿਅਕਤੀ ਏਟੀਐੱਮ ਕਾਰਡ ਵਰਤਦੇ ਸਮੇਂ ਆਪਣਾ ਪਿਨ ਨੰਬਰ ਹੱਥ ਨਾਲ ਲੁਕਾ ਕੇ ਲਗਾਉਂਦੇ ਸਨ ਜਾਂ ਆਪਣਾ ਪਿਨ ਨੰਬਰ ਸਮੇਂ-ਸਮੇਂ ’ਤੇ ਬਦਲਦੇ ਰਹਿੰਦੇ ਹਨ, ਉਨ੍ਹਾਂ ਦੇ ਖਾਤਿਆਂ ’ਚੋਂ ਮੁਲਜ਼ਮ ਪੈਸੇ ਨਹੀਂ ਕਢਵਾ ਸਕੇ। ਇਸ ਲਈ ਜਦੋਂ ਕੋਈ ਖਾਤਾਧਾਰਕ ਕਿਸੇ ਏਟੀਐੱਮ ’ਤੇ ਪੈਸੇ ਕਢਵਾਉਣ ਜਾਂਦਾ ਹੈ ਤਾਂ ਏਟੀਐੱਮ ਮਸ਼ੀਨ ਦਾ ਉਹ ਹਿੱਸਾ ਜਿੱਥੇ ਕਾਰਡ ਪੈਂਦਾ ਹੈ, ਉਸ ਨੂੰ ਥੋੜਾ ਹਿਲਾ ਕੇ ਚੈਕ ਕਰਨਾ ਚਾਹੀਦਾ ਹੈ ਅਤੇ ਜੇਕਰ ਉਹ ਹਿੱਸਾ ਥੋੜਾ ਢਿੱਲਾ ਹੈ ਤਾਂ ਸਮਝ ਲੈਣਾ ਚਾਹੀਦਾ ਹੈ ਕਿ ਕੋਈ ਗੜਬੜ ਹੈ। ਉਸ ਦੀ ਸੂਚਨਾ ਤੁਰੰਤ ਬੈਂਕ ਅਤੇ ਪੁਲੀਸ ਨੂੰ ਦਿੱਤੀ ਜਾਵੇ।