ਪੱਤਰ ਪ੍ਰੇਰਕ
ਚੰਡੀਗੜ੍ਹ, 14 ਸਤੰਬਰ
ਯੂ.ਟੀ. ਚੰਡੀਗੜ੍ਹ ਪ੍ਰਸ਼ਾਸਕ ਦੇ ਸਲਾਹਕਾਰ ਧਰਮ ਪਾਲ ਆਈ.ਏ.ਐਸ. ਵੱਲੋਂ ਚੰਡੀਗੜ੍ਹ ਵਿੱਚ ਪੜ੍ਹਾਈ ਕਰ ਰਹੇ ਅਫ਼ਗਾਨ ਵਿਦਿਆਰਥੀਆਂ ਨਾਲ ਮੁਲਾਕਾਤ ਕੀਤੀ ਗਈ ਅਤੇ ਉਨ੍ਹਾਂ ਨੇ ਵਿਦਿਆਰਥੀਆਂ ਨੂੰ ਹਰ ਸੰਭਵ ਮੱਦਦ ਦੇਣ ਦਾ ਭਰੋਸਾ ਦਿੱਤਾ। ਸਮਾਜ ਸੇਵੀ ਸੰਸਥਾ ਯੁਵਸੱਤਾ ਦੇ ਫਾਊਂਡਰ ਪ੍ਰਮੋਦ ਸ਼ਰਮਾ ਵੀ ਵਿਦਿਆਰਥੀਆਂ ਦੇ ਨਾਲ ਸਨ। ਅਫ਼ਗਾਨ ਸਟੂਡੈਂਟਸ ਯੂਨਿਟੀ ਗਰੁੱਪ ਦੇ ਫਾਊਂਡਰ ਅਬਦੁਲ ਮੋਨੀਰ ਕੱਕੜ ਨੇ ਦੱਸਿਆ ਕਿ ਸਲਾਹਕਾਰ ਨੇ ਟਿਊਸ਼ਨ ਫ਼ੀਸਾਂ ਮੁਆਫ਼ ਕਰਵਾਉਣ ਅਤੇ ਹੋਸਟਲਾਂ ਦੀ ਸੁਵਿਧਾ ਵਿੱਚ ਮੱਦਦ ਕਰਵਾਉਣ ਦਾ ਭਰੋਸਾ ਦਿਵਾਇਆ। ਉਨ੍ਹਾਂ ਨੇ ਸਿਹਤ ਵਿਭਾਗ ਨੂੰ ਅਫ਼ਗਾਨ ਵਿਦਿਆਰਥੀਆਂ ਦਾ ਚੰਡੀਗੜ੍ਹ ਦੇ ਸਾਰੇ ਸਰਕਾਰੀ ਸਿਹਤ ਕੇਂਦਰਾਂ ਵਿੱਚ ਮੁਫ਼ਤ ਇਲਾਜ ਦੀ ਸਹੂਲਤ ਦੇਣ ਦੇ ਆਦੇਸ਼ ਦਿੱਤੇ।