ਚਰਨਜੀਤ ਸਿੰਘ ਚੰਨੀ
ਮੁੱਲਾਂਪੁਰ ਗਰੀਬਦਾਸ, 9 ਅਗਸਤ
ਪਿੰਡ ਤੀੜਾ ਤੇ ਝਾਮਪੁਰ ਵਿਚਕਾਰ ਪੈਂਦੀ ਕੱਚੀ ਨਹਿਰ ’ਤੇ ਪੁਲ ਦੀ ਪਿਛਲੇ ਦਿਨਾਂ ਤੋਂ ਹੋ ਰਹੀ ਬਾਰਸ਼ ਦਾ ਪਾਣੀ ਜ਼ਿਆਦਾ ਆਉਣ ਕਰਕੇ ਪਹਿਲਾਂ ਬਣਿਆ ਕਾਜ਼ਵੇਅ ਪੁਲ ਟੁੱਟ ਗਿਆ ਹੈ, ਜਿਸ ਕਾਰਨ ਲੋਕਾਂ ਨੂੰ ਆਉਣ-ਜਾਣ ’ਚ ਮੁਸ਼ਕਲ ਆ ਰਹੀ ਹੈ। ਜ਼ਿਕਰਯੋਗ ਹੈ ਕਿ ਬਰਸਾਤ ਕਰਕੇ ਇਸ ਨਹਿਰ ਵਿੱਚ ਪਾਣੀ ਜ਼ਿਆਦਾ ਆਉਣ ਕਾਰਨ ਟਰੈਫਿਕ ਬੰਦ ਹੋ ਚੁੱਕੀ ਹੈ। ਪਹਾੜੀ ਖੇਤਰ ਦੇ ਮਸੋਲ ਇਲਾਕੇ ਵਿੱਚੋਂ ਨਿਕਲਦੀ ਪਟਿਆਲਾ ਕੀ ਰਾਉ ਨਦੀ, ਪਿੰਡ ਨਵਾਂ ਗਾਉਂ, ਨਾਡਾ ਕੋਲੋਂ ਹੁੰਦੀ ਹੋਈ ਅੱਗੇ ਚੰਡੀਗੜ੍ਹ ਦੇ ਪਿੰਡ ਧਨਾਸ ਤੇ ਡੱਡੂਮਾਜਰਾ ਕੋਲੋਂ ਲੰਘਦੀ ਹੋਈ ਪਿੰਡ ਤੋਗਾਂ ਕੋਲ ਕੱਚੀ ਨਹਿਰ ਦਾ ਰੂਪ ਧਾਰਨ ਕਰ ਲੈਂਦੀ ਹੈ। ਇਸ ’ਤੇ ਚੰਡੀਗੜ੍ਹ ਦੇ ਪਿੰਡ ਡੱਡੂ ਮਾਜਰਾ ਕੋਲ ਤਾਂ ਪੱਕਾ ਪੁਲ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਲਗਾਇਆ ਹੋਇਆ ਹੈ ਪਰ ਅੱਗੇ ਪੰਜਾਬ ਦੇ ਪਿੰਡ ਝਾਮਪੁਰ ਤੇ ਤੀੜਾ ਵਿਚਕਾਰ ਚੋਈ ’ਤੇ ਸਾਈਫਨ ਬਣਾਇਆ ਹੋਇਆ ਸੀ, ਜੋ ਕਿ ਟੁੱਟ ਗਿਆ ਹੈ। ਲੋਕਾਂ ਨੇ ਸਾਬਕਾ ਮੰਤਰੀ ਜਗਮੋਹਨ ਸਿੰਘ ਕੰਗ ਤੋਂ ਇਸ ਰਸਤੇ ਦੀ ਆਰਜ਼ੀ ਤੌਰ ’ਤੇ ਰਿਪੇਅਰ ਕਰਵਾਉਣ ਦੀ ਮੰਗ ਕੀਤੀ।
ਇਸ ਟੁੱਟੇ ਸਾਈਫਨ ਦਾ ਜਾਇਜ਼ਾ ਲੈਂਦਿਆਂ ਜਗਮੋਹਨ ਸਿੰਘ ਕੰਗ ਨੇ ਦੱਸਿਆ ਕਿ ਇਸ ਨਦੀ ’ਤੇ ਵੱਡਾ ਪੁਲ ਬਣਾਉਣ ਲਈ ਸਰਕਾਰ ਦੀ ਯੋਜਨਾ ਹੈ। ਉਨ੍ਹਾਂ ਫਿਲਹਾਲ ਲੋਕ ਨਿਰਮਾਣ ਵਿਭਾਗ ਤੇ ਜ਼ਿਲ੍ਹਾ ਪ੍ਰਸ਼ਾਸ਼ਨ ਦੇ ਅਫ਼ਸਰਾਂ ਨਾਲ ਤਾਲਮੇਲ ਕਰਕੇ ਲੋਕਾਂ ਨੂੰ ਦਰਪੇਸ਼ ਸਮੱਸਿਆ ਦਾ ਹੱਲ ਕਰਨ ਲਈ ਆਖਿਆ ਹੈ। ਇਸ ਮੌਕੇ ਸਰਪੰਚ ਜਗਜੀਵਨ ਲਾਲ ਤੀੜਾ, ਬਲਾਕ ਸਮਿਤੀ ਮੈਂਬਰ ਰੋਹਿਤ ਕੁਮਾਰ ਤੇ ਚੌਧਰੀ ਗਿਆਨ ਸਿੰਘ ਘੰਡੌਲੀ, ਗੁਰਮੀਤ ਸਿੰਘ ਹਾਜ਼ਰ ਸਨ।