ਖੇਤਰੀ ਪ੍ਰਤੀਨਿਧ
ਐੱਸ.ਏ.ਐੱਸ.ਨਗਰ (ਮੁਹਾਲੀ), 23 ਜਨਵਰੀ
ਪੰਜਾਬ ਵਿੱਚ ਮੀਂਹ ਪੈਣ ਕਾਰਨ ਵਧੀ ਠੰਢ ਦੇ ਬਾਵਜੂਦ ਵੱਖ-ਵੱਖ ਪਾਰਟੀਆਂ ਦੇ ਉਮੀਦਵਾਰਾਂ ਵਿੱਚ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਭਾਰੀ ਉਤਸ਼ਾਹ ਹੈ। ਹੁਣ ਉਮੀਦਵਾਰਾਂ ਦੇ ਪਰਿਵਾਰ ਵੀ ਚੋਣ ਮੁਹਿੰਮ ਵਿੱਚ ਉਤਰ ਗਏ ਹਨ। ਪੁੱਤਰਾਂ ਨੇ ਆਪਣੇ ਪਿਤਾ, ਭਰਾ ਨੇ ਭਰਾ, ਔਰਤਾਂ ਨੇ ਆਪਣੇ ਪਤੀਆਂ ਲਈ ਪ੍ਰਚਾਰ ਮੁਹਿੰਮ ਚਲਾਉਣ ਲਈ ਕਮਾਨਾਂ ਸੰਭਾਲ ਲਈਆਂ ਹਨ। ਉਹ ਘਰ-ਘਰ ਜਾ ਕੇ ਆਪਣੇ ਰਿਸ਼ਤੇਦਾਰਾਂ ਲਈ ਵੋਟਾਂ ਮੰਗ ਰਹੇ ਹਨ।
ਮੁਹਾਲੀ ਦੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਅੱਜ ਵਰ੍ਹਦੇ ਮੀਂਹ ਵਿੱਚ ਛਤਰੀਆਂ ਲੈ ਕੇ ਆਪਣੇ ਭਰਾ ਅਤੇ ਕਾਂਗਰਸੀ ਉਮੀਦਵਾਰ ਬਲਬੀਰ ਸਿੰਘ ਸਿੱਧੂ ਨੇ ਹੱਕ ਵਿੱਚ ਇੱਥੋਂ ਦੇ ਫੇਜ਼ ਪਹਿਲੇ ਵਿਖੇ ਘਰੋਂ-ਘਰੀ ਜਾ ਕੇ ਚੋਣ ਪ੍ਰਚਾਰ ਕੀਤਾ। ਉਨ੍ਹਾਂ ਜਿੱਥੇ ਲੋਕਾਂ ਨੂੰ ਪਿਛਲੇ ਪੰਜ ਸਾਲਾਂ ਦੌਰਾਨ ਸ਼ਹਿਰ ਵਿੱਚ ਕਾਂਗਰਸ ਸਰਕਾਰ ਵੱਲੋਂ ਕੀਤੇ ਕੰਮ ਗਿਣਾਏ ਅਤੇ ਨਗਰ ਨਿਗਮ ਦੀ ਦਸ ਮਹੀਨੇ ਦੀ ਕਾਰਗੁਜ਼ਾਰੀ ਤੋਂ ਵੀ ਜਾਣੂ ਕਰਾਇਆ।
ਜੀਤੀ ਸਿੱਧੂ ਨੇ ਕਿਹਾ ਕਿ ਉਨ੍ਹਾਂ ਦਾ ਸਮੁੱਚਾ ਪਰਿਵਾਰ ਪਿਛਲੇ ਤੀਹ ਸਾਲਾਂ ਤੋਂ ਸ਼ਹਿਰ ਨਾਲ ਜੁੜਿਆ ਹੋਇਆ ਹੈ। ਇਨ੍ਹਾਂ ਇਕੱਠਾਂ ਨੂੰ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਵੀ ਸੰਬੋਧਨ ਕੀਤਾ। ਇਸੇ ਦੌਰਾਨ ਬਲਬੀਰ ਸਿੰਘ ਸਿੱਧੂ ਨੇ ਅੱਜ ਪਿੰਡ ਸੇਖਨਮਾਜਰਾ ਵਿਖੇ ਚੋਣ ਮੀਟਿੰਗ ਨੂੰ ਸੰਬੋਧਨ ਕੀਤਾ। ਇਸ ਮੌਕੇ ਅੱਧੀ ਦਰਜਨ ਤੋਂ ਪਰਿਵਾਰਾਂ ਨੇ ਅਕਾਲੀ ਦਲ ਛੱਡਕੇ ਕਾਂਗਰਸ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ।
ਮਨਪ੍ਰੀਤ ਡੌਲੀ ਨੇ ਚੋਣ ਪ੍ਰਚਾਰ ਦੀ ਕਮਾਨ ਸੰਭਾਲੀ
ਬਨੂੜ (ਪੱਤਰ ਪ੍ਰੇਰਕ): ਸਵਰਗੀ ਕੈਪਟਨ ਕੰਵਲਜੀਤ ਸਿੰਘ ਦੀ ਪੁਤਰੀ ਮਨਪ੍ਰੀਤ ਕੌਰ ਡੌਲੀ ਅਤੇ ਸ਼ੀਲਮ ਸੋਹੀ ਨੇ ਰਾਜਪੁਰਾ ਹਲਕੇ ਤੋਂ ਅਕਾਲੀ-ਬਸਪਾ ਗਠਜੋੜ ਦੇ ਉਮੀਦਵਾਰ ਚਰਨਜੀਤ ਸਿੰਘ ਬਰਾੜ ਦੇ ਚੋਣ ਪ੍ਰਚਾਰ ਦੀ ਕਮਾਨ ਆਪਣੇ ਹੱਥਾਂ ਵਿੱਚ ਲੈ ਲਈ ਹੈ। ਉਨ੍ਹਾਂ ਅਕਾਲੀ ਦਲ ਤੇ ਬਸਪਾ ਦੇ ਸਥਾਨਕ ਆਗੂਆਂ ਨੂੰ ਨਾਲ ਲੈ ਕੇ ਬਨੂੜ ਦੇ ਬਾਜ਼ਾਰਾਂ ਵਿੱਚ ਪ੍ਰਚਾਰ ਕੀਤਾ। ਮਨਪ੍ਰੀਤ ਡੌਲੀ ਅਤੇ ਸ਼ੀਲਮ ਸੋਹੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕਾਂਗਰਸ ਅਤੇ ਆਮ ਆਦਮੀ ਪਾਰਟੀ ਦਾ ਪੰਜਾਬ ਨਾਲ ਕੋਈ ਮੋਹ ਨਹੀਂ ਹੈ।
ਅਕਾਲੀ ਉਮੀਦਵਾਰ ਰਣਜੀਤ ਗਿੱਲ ਦੇ ਪੁੱਤਰਾਂ ਨੇ ਸਾਂਭਿਆ ਮੋਰਚਾ
ਮੁੱਲਾਂਪੁਰ ਗ਼ਰੀਬਦਾਸ (ਪੱਤਰ ਪੇ੍ਰਕ): ਵਿਧਾਨ ਸਭਾ ਹਲਕਾ ਖਰੜ ਤੋਂ ਸ਼੍ਰੋਮਣੀ ਅਕਾਲੀ ਦਲ-ਬਸਪਾ ਗੱਠਜੋੜ ਦੇ ਉਮੀਦਵਾਰ ਰਾਣਾ ਰਣਜੀਤ ਸਿੰਘ ਗਿੱਲ ਜਿੱਥੇ ਖ਼ੁਦ ਵੀ ਚੋਣ ਪ੍ਰਚਾਰ ਕਰ ਰਹੇ ਹਨ, ਉਥੇ ਉਨ੍ਹਾਂ ਦੇ ਸਪੁੱਤਰ ਅਮਨਦੀਪ ਸਿੰਘ ਅਤੇ ਤੇਜਵੀਰ ਸਿੰਘ ਗਿੱਲ ਨੇ ਵੀ ਚੋਣ ਪ੍ਰਚਾਰ ਮੁਹਿੰਮ ਦੀ ਕਮਾਨ ਸੰਭਾਲ ਲਈ ਹੈ। ਉਨ੍ਹਾਂ ਨੇ ਨਵਾਂ ਗਾਉਂ, ਕਾਂਸਲ, ਰਤਵਾੜਾ ਸਮੇਤ ਹੋਰਨਾਂ ਪਿੰਡਾਂ ਵਿਚ ਲੋਕਾਂ ਨਾਲ ਮੁਲਾਕਾਤ ਕਰਦਿਆਂ ਆਪਣੇ ਪਿਤਾ ਲਈ ਵੋਟਾਂ ਮੰਗੀਆਂ। ਇਸ ਮੌਕੇ ਚੰਡੀਗੜ੍ਹ ਸ਼ਹਿਰ ਤੋਂ ਅਕਾਲੀ ਕੌਂਸਲਰ ਹਰਦੀਪ ਸਿੰਘ ਬੁਟਰੇਲਾ ਨੇ ਵੀ ਰਣਜੀਤ ਸਿੰਘ ਗਿੱਲ ਦੇ ਹੱਕ ਵਿਚ ਚੋਣ ਪ੍ਰਚਾਰ ਕੀਤਾ।
ਦੀਪਇੰਦਰ ਢਿੱਲੋਂ ਤੇ ਐੱਨਕੇ ਸ਼ਰਮਾ ਦੀਆਂ ਪਤਨੀਆਂ ਵੱਲੋਂ ਚੋਣ ਮੀਟਿੰਗਾਂ
ਲਾਲੜੂ (ਪੱਤਰ ਪ੍ਰੇਰਕ) ਵਿਧਾਨ ਸਭਾ ਹਲਕਾ ਡੇਰਾਬਸੀ ਤੋਂ ਕਾਂਗਰਸ ਪਾਰਟੀ ਦੇ ਮੁੱਖ ਦਾਅਵੇਦਾਰ ਦੀਪਇੰਦਰ ਸਿੰਘ ਢਿੱਲੋਂ ਦੀ ਚੋਣ ਮੁਹਿੰਮ ਨੂੰ ਉਸ ਵੇਲੇ ਭਰਵਾਂ ਹੁੰਗਾਰਾ ਮਿਲਿਆ ਜਦੋਂ ਉਨ੍ਹਾਂ ਦੀ ਪਤਨੀ ਰੁਪਿੰਦਰ ਢਿੱਲੋਂ ਨੇ ਲਾਲੜੂ ਵਿਚ ਦਰਜਨਾਂ ਨੁੱਕੜ ਮੀਟਿੰਗਾਂ ਨੂੰ ਸੰਬੋਧਨ ਕੀਤਾ ਅਤੇ ਵੋਟਰਾਂ ਨਾਲ ਰਾਬਤਾ ਕਾਇਮ ਕਰਕੇ ਆਪਣੇ ਪਤੀ ਲਈ ਵੋਟਾਂ ਮੰਗੀਆਂ। ਰੁਪਿੰਦਰ ਢਿੱਲੋਂ ਨੇ ਪਿੰਡ ਘੋਲੂਮਾਜਰਾ, ਲਹਿਲੀ, ਹਸਨਪੁਰ, ਜਲਾਲਪੁਰ ਬਸੀ, ਮਗਰਾ, ਡਹਿਰ ਤੇ ਆਲਮਗੀਰ ਵਿੱਚ ਚੋਣ ਮੀਟਿੰਗਾਂ ਨੂੰ ਸੰਬੋਧਨ ਕੀਤਾ। ਇਸੇ ਤਰ੍ਹਾਂ ਅਕਾਲੀ ਦਲ-ਬਸਪਾ ਗੱਠਜੋੜ ਦੇ ਉਮੀਦਵਾਰ ਐੱਨ.ਕੇ. ਸ਼ਰਮਾ ਦੀ ਪਤਨੀ ਬਬੀਤਾ ਸ਼ਰਮਾ ਨੇ ਲਾਲੜੂ ਦੇ ਕਈ ਵਾਰਡਾਂ ਵਿਚ ਔਰਤਾਂ ਦੀਆਂ ਨੁੱਕੜ ਚੋਣ ਸਭਾਵਾਂ ਨੂੰ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਸ੍ਰੀ ਸ਼ਰਮਾ ਨੇ ਹਮੇਸ਼ਾ ਹਲਕੇ ਦੇ ਲੋਕਾਂ ਨੂੰ ਮਾਣ-ਸਤਿਕਾਰ ਦਿੱਤਾ ਤੇ ਸਰਬਪੱਖੀ ਵਿਕਾਸ ਕਰਵਾਇਆ ਹੈ।