ਪੰਜਾਬ ’ਚ ‘ਆਪ’ ਦੀ ਸਰਕਾਰ ਬਣੇਗੀ, ਜੋ ਮਹਿਲਾਂ ਦੀ ਥਾਂ ਪਿੰਡਾਂ ਵਿੱਚੋਂ ਚਲੇਗੀ: ਮਾਨ
ਜਗਮੋਹਨ ਸਿੰਘ/ਰਾਕੇਸ਼ ਸੈਣੀ
ਰੂਪਨਗਰ/ਨੰਗਲ, 5 ਫਰਵਰੀ
ਪਿਛਲੀਆਂ ਸਰਕਾਰਾਂ ਮਹਿਲਾਂ ਵਿੱਚੋਂ ਚੱਲਦੀਆਂ ਰਹੀਆਂ ਹਨ, ਪਰ 10 ਮਾਰਚ ਤੋਂ ਬਾਅਦ ਬਣਨ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਮਹਿਲਾਂ ਦੀ ਥਾਂ ਪਿੰਡਾਂ ਵਿੱਚੋਂ ਚੱਲਿਆ ਕਰੇਗੀ। ਇਹ ਦਾਅਵਾ ‘ਆਪ’ ਆਗੂ ਭਗਵੰਤ ਮਾਨ ਨੇ ਵਿਧਾਨ ਸਭਾ ਹਲਕਾ ਸ੍ਰੀ ਆਨੰਦਪੁਰ ਸਾਹਿਬ ਤੋਂ ਚੋਣ ਲੜ ਰਹੇ ‘ਆਪ’ ਉਮੀਦਵਾਰ ਹਰਜੋਤ ਸਿੰਘ ਬੈਂਸ ਦੇ ਹੱਕ ਵਿੱਚ ਚੋਣ ਪ੍ਰਚਾਰ ਦੌਰਾਨ ਸੰਬੋਧਨ ਕਰਦਿਆਂ ਕੀਤਾ। ਨੰਗਲ ਲਈ ਜਾ ਰਹੇ ਭਗਵੰਤ ਮਾਨ ਦਾ ਆਪ ਵਾਲੰਟੀਅਰਾਂ ਨੇ ਨੈਸ਼ਨਲ ਹਾਈਵੇਅ ’ਤੇ ਵੱਖ ਵੱਖ ਥਾਵਾਂ ’ਤੇ ਫੁੱਲਾਂ ਦੀ ਵਰਖਾ ਕਰਕੇ ਸਵਾਗਤ ਕੀਤਾ ਤੇ ਰਾਹ ਵਿੱਚ ਰੁਕ ਰੁਕ ਕੇ ਲੋਕਾਂ ਨੂੰ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਐਡਵੋਕੇਟ ਹਰਜੋਤ ਸਿੰਘ ਬੈਂਸ ਹੁਣ ਕਚਹਿਰੀਆਂ ’ਚ ਵਕਾਲਤ ਕਰਨ ਦੀ ਥਾਂ ਹਲਕੇ ਦੇ ਲੋਕਾਂ ਦਾ ਵਕੀਲ ਬਣ ਕੇ ਉਨ੍ਹਾਂ ਦੇ ਮਸਲੇ ਵਿਧਾਨ ਸਭਾ ਰਾਹੀਂ ਸੁਲਝਾਏਗਾ। ਉਨ੍ਹਾਂ ਕਿਹਾ ਕਿ ਇਸ ਵਾਰ ਸੂਬੇ ਦੇ ਲੋਕ ਪੰਜਾਬ ਦੀ ਵਾਗਡੋਰ ਆਮ ਆਦਮੀ ਪਾਰਟੀ ਨੂੰ ਦੇਣ ਦਾ ਮਨ ਬਣਾ ਚੁੱਕੇ ਹਨ। ਉਨ੍ਹਾਂ ਕਿਹਾ ਕਿ ਲੋਕਾਂ ਦਾ ਉਤਸ਼ਾਹ ਇਹ ਗੱਲ ਯਕੀਨੀ ਬਣਾਉਂਦਾ ਹੈ ਕਿ ਪੰਜਾਬ ਦੇ ਲੋਕ ਰਵਾਇਤੀ ਪਾਰਟੀਆਂ ਤੋਂ ਅੱਕ ਚੁੱਕੇ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਲੋਕਾਂ ਨਾਲ ਕੀਤਾ ਇਕ ਵੀ ਵਾਅਦਾ ਪੁੂਰਾ ਨਹੀਂ ਕਰ ਸਕੀ। ਉਨ੍ਹਾਂ ਭਰੋਸਾ ਦਿਵਾਇਆ ਕਿ ਆਮ ਆਦਮੀ ਪਾਰਟੀ ਲੋਕਾਂ ਨਾਲ ਕੀਤੇ ਹਰ ਵਾਅਦੇ ਨੂੰ ਪੂਰਾ ਕਰੇਗੀ।
‘ਆਪ’ ਉਮੀਦਵਾਰ ਹਰਜੋਤ ਸਿੰਘ ਬੈਂਸ ਤੋਂ ਇਲਾਵਾ ਕਮਿੱਕਰ ਸਿੰਘ ਡਾਢੀ, ਜੁਝਾਰ ਸਿੰਘ ਆਸਪੁਰ ਪ੍ਰਧਾਨ ਨੰਗਲ ਸਰਸਾ ਜ਼ੋਨ, ਰਾਜਵੀਰ ਸੈਣੀ, ਕੁਲਦੀਪ ਸਿੰਘ ਆਦਿ ਆਗੂ ਵੀ ਹਾਜ਼ਰ ਸਨ।
ਮੇਅਰ ਅਤੇ ਡਿਪਟੀ ਮੇਅਰ ਦੀਆਂ ਪਤਨੀਆਂ ਨੇ ਸੰਭਾਲੀ ਬਲਬੀਰ ਸਿੱਧੂ ਦੀ ਚੋਣ ਕਮਾਨ
ਕਰਮਜੀਤ ਸਿੰਘ ਚਿੱਲਾ
ਐਸ.ਏ.ਐਸ.ਨਗਰ(ਮੁਹਾਲੀ), 5 ਫਰਵਰੀ
ਮੁਹਾਲੀ ਦੇ ਮੇਅਰ ਜੀਤੀ ਸਿੱਧੂ ਦੀ ਪਤਨੀ ਜਤਿੰਦਰ ਕੌਰ ਅਤੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਦੀ ਪਤਨੀ ਦਮਨਜੀਤ ਕੌਰ ਨੇ ਵੀ ਚੋਣ ਪ੍ਰਚਾਰ ਦੀ ਵਾਗਡੋਰ ਸੰਭਾਲ ਲਈ ਹੈ। ਦੋਹਾਂ ਨੇ ਅੱਜ ਮਹਿਲਾਵਾਂ ਅਤੇ ਪੁਰਸ਼ਾਂ ਦੇ ਜਥੇ ਨਾਲ ਸ਼ਹਿਰ ਦੇ ਵੱਖ-ਵੱਖ ਵਾਰਡਾਂ ਵਿੱਚ ਚੋਣ ਪ੍ਰਚਾਰ ਕੀਤਾ। ਉਨ੍ਹਾਂ ਸ੍ਰੀ ਸਿੱਧੂ ਦੀ ਮੁਹਾਲੀ ਸ਼ਹਿਰ ਨਾਲ ਤੀਹ ਵਰ੍ਹਿਆਂ ਦੀ ਸਾਂਝ, ਕਾਂਗਰਸ ਸਰਕਾਰ ਸਮੇਂ ਕਰਾਏ ਵਿਕਾਸ ਕੰਮ ਅਤੇ ਨਗਰ ਨਿਗਮ ਦੇ ਦਸ ਮਹੀਨਿਆਂ ਵਿੱਚ ਹੋਏ ਕਾਰਜਾਂ ਨੂੰ ਵੇਖਦਿਆਂ ਕਾਂਗਰਸ ਪਾਰਟੀ ਦੀ ਦੁਬਾਰਾ ਸਰਕਾਰ ਲਿਆਉਣ ਲਈ ਬਲਬੀਰ ਸਿੱਧੂ ਨੂੰ ਜਿਤਾਉਣ ਦੀ ਅਪੀਲ ਕੀਤੀ।
ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਪਿੰਡ ਕੁੰਭੜਾ ਵਿੱਚ ਬਲਬੀਰ ਸਿੱਧੂ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਦਿਆਂ ਉਨ੍ਹਾਂ ਵੱਲੋਂ ਮੁਹਾਲੀ ਦੇ ਵਿਕਾਸ ਵਿੱਚ ਪਾਏ ਯੋਗਦਾਨ ਦੀ ਚਰਚਾ ਕੀਤੀ। ਸ੍ਰੀ ਤਿਵਾੜੀ ਨੇ ਆਖਿਆ ਕਿ ਪੰਜ ਵਰ੍ਹਿਆਂ ਦੌਰਾਨ ਮੁਹਾਲੀ ਸ਼ਹਿਰ ਅਤੇ ਹਲਕੇ ਨੇ ਵਿਕਾਸ ਪੱਖੋਂ ਨਵੀਆਂ ਉਚਾਈਆਂ ਛੂਹੀਆਂ ਹਨ ਅਤੇ ਵਿਕਾਸ ਦੀ ਗਤੀ ਨੂੰ ਤੇਜ਼ ਕਰਨ ਲਈ ਸ੍ਰੀ ਸਿੱਧੂ ਨੂੰ ਜਿਤਾਉਣਾ ਬੇਹੱਦ ਜ਼ਰੂਰੀ ਹੈ। ਸ੍ਰੀ ਸਿੱਧੂ ਨੇ ਇਸ ਮੌਕੇ ਪੰਜ ਸਾਲਾਂ ਵਿੱਚ ਹੋਏ ਵਿਕਾਸ ਕੰਮਾਂ ਦਾ ਵੇਰਵਾ ਵੀ ਦਿੱਤਾ।
ਪਿੰਡ ਸੋਹਾਣਾ ਵਿੱਚ ਵੀ ਕੌਂਸਲਰ ਹਰਜੀਤ ਸਿੰਘ ਭੋਲੂ ਅਤੇ ਬੂਟਾ ਸਿੰਘ ਦੀ ਅਗਵਾਈ ਹੇਠ ਭਰਵੀਂ ਇਕੱਤਰਤਾ ਹੋਈ। ਇਸ ਮੌਕੇ ਕਾਂਗਰਸੀ ਉਮੀਦਵਾਰ ਬਲਬੀਰ ਸਿੱਧੂ ਨੇ ਆਖਿਆ ਕਿ ਮੁਹਾਲੀ ਸ਼ਹਿਰ ਅਤੇ ਪਿੰਡਾਂ ਦਾ ਪਿਛਲੇ ਪੰਜ ਸਾਲਾਂ ਦੌਰਾਨ ਜਿੰਨਾ ਵਿਕਾਸ ਹੋਇਆ ਹੈ, ਇੰਨਾ ਵਿਕਾਸ ਪਿਛਲੇ ਸੱਤਰ ਸਾਲਾਂ ਦੌਰਾਨ ਵੀ ਨਹੀਂ ਹੋਇਆ।