ਮੁੱਖ ਅੰਸ਼
- ਰੰਜਿਸ਼ ਕਾਰਨ ਵਾਪਰੀ ਘਟਨਾ
- ਪੁਲੀਸ ਨੇ ਮਾਮਲੇ ਦੀ ਜਾਂਚ ਏਐੱਸਆਈ ਨੂੰ ਸੌਂਪੀ
ਸਰਬਜੀਤ ਸਿੰਘ ਭੱਟੀ
ਲਾਲੜੂ, 27 ਅਪਰੈਲ
ਇਥੇ ਅੰਬਾਲਾ-ਚੰਡੀਗੜ੍ਹ ਸੜਕ ’ਤੇ ਅੱਜ ਤੜਕੇ ਢਾਬੇ ’ਤੇ ਸੁੱਤੇ ਪਏ ਵਰਕਰਾਂ ’ਤੇ ਅਣਪਛਾਤੇ ਵਿਅਕਤੀਆਂ ਵਲੋਂ ਹਾਕੀਆਂ ਤੇ ਡਾਂਗਾ ਨਾਲ ਹਮਲਾ ਕਰ ਦਿੱਤਾ ਗਿਆ ਜਿਸ ਕਾਰਨ ਤਿੰਨ ਵਿਅਕਤੀ ਗੰਭੀਰ ਫੱਟੜ ਹੋ ਗਏ। ਇਹ ਘਟਨਾ ਅਤੇ ਗੱਡੀ ਦਾ ਨੰਬਰ ਢਾਬੇ ’ਤੇ ਲੱਗੇ ਸੀ.ਸੀ.ਟੀ.ਵੀ ਕੈਮਰੇ ਵਿੱਚ ਦਰਜ ਹੋ ਗਿਆ ਹੈ।
ਪ੍ਰਾਪਤ ਜਾਣਕਾਰੀ ਮੁਤਾਬਕ ਹਮਲੇ ਵਿੱਚ ਜ਼ਖ਼ਮੀ ਢਾਬਾ ਮਾਲਕ ਬਜਰੰਗ ਪ੍ਰਜਾਪਤ, ਨੌਕਰ ਮੁੰਨਾ ਰਾਏ ਅਤੇ ਭੰਵਰਾ ਨੇ ਦੱਸਿਆ ਕਿ ਬੀਤੀ ਰਾਤ ਕੁੱਝ ਬੰਦੇ ਖਾਣਾ ਖਾਣ ਆਏ ਜਿਨ੍ਹਾਂ ਨੇ ਸ਼ਰਾਬ ਪੀਣ ਦੀ ਜ਼ਿੱਦ ਕੀਤੀ। ਮਨ੍ਹਾਂ ਕਰਨ ’ਤੇ ਉਨ੍ਹਾਂ ਨੇ ਆਪਣੀ ਗੱਡੀ ਵਿੱਚ ਬੈਠ ਕੇ ਖਾਣਾ ਖਾਇਆ ਅਤੇ ਸ਼ਰਾਬ ਪੀਤੀ ਅਤੇ ਉਸ ਤੋਂ ਬਾਅਦ 12 ਵਜੇ ਢਾਬੇ ’ਤੇ ਹੀ ਸੋਣ ਦੀ ਜ਼ਿੱਦ ਕੀਤੀ। ਇਸ ਵਾਰ ਮਨ੍ਹਾਂ ਕਰਨ ’ਤੇ ਉਹ ਆਪਣੀ ਗੱਡੀ ਲੈ ਕੇ ਚਲੇ ਗਏ ਅਤੇ ਤੜਕੇ ਢਾਬੇ ’ਤੇ ਆਏ ਅਤੇ ਸੁੱਤੇ ਪਏ ਵਰਕਰਾਂ ਤੇ ਮਾਲਕ ਉੱਤੇ ਹਮਲਾ ਕਰ ਦਿੱਤਾ ਜਿਸ ਕਾਰਨ ਤਿੰਨ ਵਿਅਕਤੀ ਗੰਭੀਰ ਫੱਟੜ ਹੋ ਗਏ। ਜ਼ਖ਼ਮੀਆਂ ਨੂੰ ਇਲਾਜ ਲਈ ਸਰਕਾਰੀ ਹਸਪਤਾਲ, ਲਾਲੜੂ ਦਾਖਲ ਕਰਵਾਇਆ ਗਿਆ ਤੇ ਬਾਅਦ ਵਿੱਚ ਸਿਵਲ ਹਸਪਤਾਲ ਡੇਰਾਬੱਸੀ ਰੈਫਰ ਕਰ ਦਿੱਤਾ ਗਿਆ। ਹਮਲਾਵਰਾਂ ਨੇ ਫ਼ਰਾਰ ਹੋਣ ਤੋਂ ਪਹਿਲਾਂ ਜਾਨ ਤੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ।
ਇਸੇ ਦੌਰਾਨ ਥਾਣਾ ਮੁਖੀ ਹਰਜਿੰਦਰ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਏ.ਐੱਸ.ਆਈ ਜਗਤਾਰ ਸਿੰਘ ਕਰ ਰਹੇ ਹਨ। ਜ਼ਖ਼ਮੀਆਂ ਦੇ ਬਿਆਨ ਲਿਖਣ ਉਪਰੰਤ ਅਗਲੀ ਕਾਰਵਾਈ ਕੀਤੀ ਜਾਵੇਗੀ।
ਪਿੰਡ ਸੱਖੋਮਾਜਰਾ ਵਿੱਚ ਝਗੜੇ ਦੌਰਾਨ ਗੋਲੀਬਾਰੀ
ਮੋਰਿੰਡਾ (ਸੰਜੀਵ ਤੇਜਪਾਲ): ਪਿੰਡ ਸੱਖੋਮਾਜਰਾ ਵਿੱਚ ਅੱਜ ਲੜਾਈ ਦੌਰਾਨ ਗੋਲੀਬਾਰੀ ਹੋਈ। ਅਮਨਪ੍ਰੀਤ ਸਿੰਘ ਵਾਸੀ ਪਿੰਡ ਸੱਖੋਮਾਜਰਾ ਨੇ ਪੁਲੀਸ ਨੂੰ ਦੱਸਿਆ ਕਿ ਉਹ ਸਰਹਿੰਦ ਚੌਕ ’ਤੇ ਚੌਲ ਮਿੱਲ ਵਿੱਚ ਬੈਠਾ ਸੀ ਕਿ ਚਾਰ ਨੌਜਵਾਨ ਗੱਡੀ ਵਿੱਚ ਆਏ ਅਤੇ ਉਸ ਨਾਲ ਝਗੜਾ ਸ਼ੁਰੂ ਕਰ ਦਿੱਤਾ। ਹਮਲਾਵਰਾਂ ਵਿੱਚ ਧਰਮਵੀਰ ਸਿੰਘ ਵਾਸੀ ਪਿੰਡ ਸੱਖੋਮਾਜਰਾ, ਸੰਨੀ ਵਾਸੀ ਪਿੰਡ ਸੱਖੋਮਾਜਰਾ, ਹੈਪੀ ਵਾਸੀ ਪਿੰਡ ਬਲਾੜੀ (ਜ਼ਿਲ੍ਹਾ ਫਤਹਿਗੜ੍ਹ ਸਾਹਿਬ) ਅਤੇ ਇਕ ਹੋਰ ਅਣਪਛਾਤਾ ਵਿਅਕਤੀ ਸ਼ਾਮਲ ਸੀ। ਅਮਨਪ੍ਰੀਤ ਨੇ ਆਪਣੇ ਬਚਾਅ ਲਈ ਰਿਵਾਲਵਰ ਕੱਢਣ ਦੀ ਕੋਸ਼ਿਸ਼ ਕੀਤੀ ਪਰ ਹਮਲਾਵਰਾਂ ਨੇ ਰਿਵਾਲਵਰ ਉਸ ਕੋਲੋਂ ਖੋਹ ਲਿਆ ਅਤੇ ਫਾਇਰਿੰਗ ਸ਼ੁਰੂ ਕਰ ਦਿੱਤੀ। ਅਮਨਪ੍ਰੀਤ ਅਨੁਸਾਰ ਹਮਲਾਵਰਾਂ ਨੇ ਉਸ ’ਤੇ ਦੋ ਫਾਇਰ ਕੀਤੇ। ਉਸ ਨੇ ਭੱਜ ਕੇ ਸ਼ੈੱਲਰ ਅੰਦਰ ਲੁੱਕ ਕੇ ਜਾਨ ਬਚਾਈ। ਇਸ ਝਗੜੇ ਦੌਰਾਨ ਉਸ ਨੂੰ ਸੱਟਾਂ ਲੱਗੀਆਂ ਪਰ ਗੋਲੀ ਚੱਲਣ ਨਾਲ ਕਿਸੇ ਦਾ ਕੋਈ ਨੁਕਸਾਨ ਨਹੀਂ ਹੋਇਆ। ਪੁਲੀਸ ਨੇ ਕੇਸ ਦਰਜ ਕਰਕੇ ਹਮਲਾਵਰਾਂ ਦੀ ਗ੍ਰਿਫ਼ਤਾਰੀ ਲਈ ਕਾਰਵਾਈ ਸ਼ੁਰੂ ਕਰ ਦਿੱਤੀ ਹੈ।