ਮੁਕੇਸ਼ ਕੁਮਾਰ
ਚੰਡੀਗੜ੍ਹ, 27 ਸਤੰਬਰ
ਚੰਡੀਗੜ੍ਹ ਦੀ ਮੇਅਰ ਸਰਬਜੀਤ ਕੌਰ ਦੀ ਫੋਟੋ ਨੂੰ ਕਿਸੇ ਸਮਾਜ ਵਿਰੋਧੀ ਅਨਸਰ ਨੇ ਆਪਣੇ ਵਟਸਐਪ ਦੀ ਡੀਪੀ ਵਜੋਂ ਇਸਤੇਮਾਲ ਕਰਦਿਆਂ ਨਿਗਮ ਦੇ ਅਧਿਕਾਰੀਆਂ, ਕੌਂਸਲਰਾਂ ਅਤੇ ਹੋਰ ਸਬੰਧਤ ਲੋਕਾਂ ਤੋਂ ਉਨ੍ਹਾਂ (ਮੇਅਰ) ਦੇ ਨਾਂ ’ਤੇ ਪੈਸੇ ਮੰਗੇ ਜਾ ਰਹੇ ਹਨ। ਮੇਅਰ ਸਰਬਜੀਤ ਕੌਰ ਨੇ ਇਸ ਸਬੰਧ ਵਿੱਚ ਕੋਈ ਵੀ ਸੁਨੇਹਾ ਆਉਣ ਜਾਂ ਗੂਗਲ ਪੇਅ ਜਾਂ ਕਿਸੇ ਹੋਰ ਪਲੈਟਫਾਰਮ ਰਾਹੀਂ ਅਣਪਛਾਤੇ ਮੋਬਾਈਲ ਨੰਬਰ ਤੋਂ ਮਿਲੇ ਵਟਸਐਪ ਸੁਨੇਹੇ ’ਤੇ ਉਨ੍ਹਾਂ ਨੂੰ ਪੈਸੇ ਨਾ ਭੇਜਣ ਦੀ ਅਪੀਲ ਕੀਤੀ ਹੈ। ਮੇਅਰ ਨੇ ਦੱਸਿਆ ਕਿ ਕਿਸੇ ਅਣਪਛਾਤੇ ਵਿਅਕਤੀ ਵੱਲੋਂ ਉਨ੍ਹਾਂ ਦੀ ਫੋਟੋ ਵਟਸਐਪ ਦੀ ਡੀਪੀ ’ਤੇ ਲਗਾ ਉਨ੍ਹਾਂ ਦੇ ਜਾਣ ਪਛਾਣ ਵਾਲਿਆਂ ਤੋਂ ਪੈਸਿਆਂ ਦੀ ਮੰਗ ਕੀਤੀ ਜਾ ਰਹੀ ਹੈ। ਇਸ ਗੱਲ ਦਾ ਪਤਾ ਲੱਗਣ ’ਤੇ ਉਨ੍ਹਾਂ ਨੇ ਚੰਡੀਗੜ੍ਹ ਪੁਲੀਸ ਦੇ ਐੱਸਐੱਸਪੀ ਨੂੰ ਮਾਮਲੇ ਬਾਰੇ ਜਾਣੂ ਕਰਵਾ ਦਿੱਤਾ ਹੈ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਪੈਸੇ ਮੰਗਣ ਬਾਰੇ ਕੋਈ ਸੁਨੇਹਾ ਆਉਂਦਾ ਹੈ ਤਾਂ ਸੁਨੇਹਾ ਭੇਜਣ ਵਾਲੇ ਦੇ ਮੋਬਾਈਲ ਨੰਬਰ ਦੇ ਵੇਰਵਾ ਦੇ ਕੇ ਪੁਲੀਸ ਨੂੰ ਸ਼ਿਕਾਇਤ ਦਰਜ ਕਰਵਾਈ ਜਾਵੇ।
ਮੇਅਰ ਨੇ ਦੱਸਿਆ ਕਿ ਉਨ੍ਹਾਂ ਨੂੰ ਇਸ ਤਰ੍ਹਾਂ ਦੀ ਹਰਕਤ ਦਾ ਪਤਾ ਉਸ ਸਮੇਂ ਲੱਗਾ ਜਦੋਂ ਉਨ੍ਹਾਂ ਦੇ ਕੁੱਝ ਜਾਣਕਾਰਾਂ ਨੇ ਦੱਸਿਆ ਕਿ ਕਿਸੇ ਅਣਪਛਾਤੇ ਮੋਬਾਈਲ ਨੰਬਰ ’ਤੇ ਵਟਸਐਪ ਰਾਹੀਂ ਉਨ੍ਹਾਂ ਦੀ ਫੋਟੋ ਵਾਲੀ ਡੀਪੀ ਤੋਂ ਸੁਨੇਹਾ ਭੇਜ ਕੇ ਪੈਸਿਆਂ ਦੀ ਮੰਗ ਕੀਤੀ ਜਾ ਰਹੀ ਹੈ। ਵਟਸਐਪ ਵਾਲੇ ਮੋਬਾਈਲ ਨੰਬਰ ’ਤੇ ਲੱਗੀ ਮੇਅਰ ਦੀ ਫੋਟੋ ਤੋਂ ਮਿਲੇ ਮੈਸੇਜ ਦੇਖ ਕੇ ਕੁਝ ਅਣਜਾਣ ਵਿਅਕਤੀ ਇਸ ਨੂੰ ਸੱਚ ਵੀ ਮੰਨ ਰਹੇ ਹਨ ਅਤੇ ਜਦੋਂ ਪੈਸੇ ਭੇਜਣ ਤੋਂ ਪਹਿਲਾਂ ਇਸ ਦੇ ਬਾਰੇ ਪਤਾ ਕਰਨ ਲਈ ਉਨ੍ਹਾਂ ਮੇਅਰ ਸਰਬਜੀਤ ਕੌਰ ਨੂੰ ਫੋਨ ਕਰਕੇ ਪੁੱਛ-ਪੜਤਾਲ ਕੀਤੀ ਤਾਂ ਇਸ ਗਬਨ ਬਾਰੇ ਭੇਤ ਖੁੱਲ੍ਹ ਗਿਆ।
ਜਦੋਂ ਮੇਅਰ ਸਰਬਜੀਤ ਕੌਰ ਨੇ ਮੋਬਾਈਲ ਨੰਬਰ ਆਪਣੇ ਵਟਸਐਪ ਨੰਬਰ ਰਾਹੀਂ ਚੈੱਕ ਕੀਤਾ ਤਾਂ ਉਸ ਮੋਬਾਈਲ ਨੰਬਰ ਦੇ ਵਟਸਐਪ ਦੀ ਡੀਪੀ ’ਤੇ ਆਪਣੀ ਫੋਟੋ ਦੇਖ ਕੇ ਹੈਰਾਨ ਰਹਿ ਗਏ। ਮੇਅਰ ਸਰਬਜੀਤ ਕੌਰ ਨੇ ਸ਼ਹਿਰ ਵਾਸੀਆਂ ਨੂੰ ਅਜਿਹੇ ਨੌਸਰਬਾਜ਼ਾਂ ਤੋਂ ਸੁਚੇਤ ਰਹਿਣ ਦੀ ਅਪੀਲ ਕੀਤੀ ਹੈ।