ਪੱਤਰ ਪ੍ਰੇਰਕ
ਲਾਲੜੂ, 16 ਜੂਨ
ਕਰੀਬ ਛੇ ਦਹਾਕੇ ਪਹਿਲਾ ਲਾਲੜੂ ਪਿੰਡ ’ਚ ਬਣੇ ਇੱਕੋ-ਇੱਕ ਸਰਕਾਰੀ ਗਰਲਜ਼ ਸਕੂਲ ਨੂੰ ਕੋ-ਐੱਡ ਬਣਾਉਣ ਦਾ ਮਾਮਲਾ ਕਿਸੇ ਤਣ-ਪੱਤਣ ਨਾ ਲੱਗਣ ਕਾਰਨ ਸਥਾਨਕ ਲੋਕਾਂ ’ਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਇਸ ਤੋਂ ਪਹਿਲਾਂ ਵੀ ਮਈ ਮਹੀਨੇ ’ਚ ਲੋਕਾਂ ਨੇ ਸਿੱਖਿਆ ਵਿਭਾਗ ਦੇ ਸਕੱਤਰ ਨੂੰ ਪੱਤਰ ਲਿਖ ਕੇ ਰੋਸ ਪ੍ਰਗਟ ਕੀਤਾ ਸੀ, ਫਿਰ ਵੀ ਇਸ ਸਕੂਲ ਨੂੰ ਸ਼ੁਰੂਆਤੀ ਦੌਰ ਵਿੱਚ ਛੇਵੀਂ ਜਮਾਤ ਤੋਂ ਅੱਠਵੀ ਜਮਾਤ ਤੱਕ ਕੋ-ਐੱਡ ਕਰਨ ਦੀ ਚਰਚਾ ਨੇ ਨਗਰ ਵਾਸੀਆਂ ਨੂੰ ਚਿੰਤਾ ’ਚ ਪਾ ਦਿੱਤਾ ਹੈ। ਕੰਨਿਆ ਸਕੂਲ ਦੀ ਮੌਜੂਦਾ ਪ੍ਰਿੰਸੀਪਲ ਰਾਹੀਂ ਸਿੱਖਿਆ ਵਿਭਾਗ ਦੇ ਸਕੱਤਰ ਨੂੰ ਪੱਤਰ ਭੇਜ ਕੇ ਮਾਮਲੇ ਨੂੰ ਸਪੱਸ਼ਟ ਕਰਨ ਦੀ ਮੰਗ ਕੀਤੀ ਹੈ। ਵੱਖ ਵੱਖ ਪਾਰਟੀਆਂ ਤੇ ਜਥੇਬੰਦੀਆਂ ਦੇ ਆਗੂਆਂ ਨੇ ਸਮੇਤ ਨਗਰ ਵਾਸੀਆ ਨੇ ਸਿੱਖਿਆ ਸਕੱਤਰ ਨੂੰ ਲਿਖੇ ਪੱਤਰ ਵਿੱਚ ਚਿੰਤਾ ਪ੍ਰਗਟ ਕਰਦਿਆਂ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਕਿ ਕੁੜੀਆਂ ਦੇ ਇਸ ਸਕੂਲ ਨੂੰ ਪਹਿਲਾਂ ਵਾਂਗ ਹੀ ਰੱਖਿਆ ਜਾਵੇ ਤਾਂ ਜੋ ਇਲਾਕੇ ਦੀਆਂ ਕੁੜੀਆਂ ਪੜ੍ਹ-ਲਿਖ ਕੇ ਸਮਾਜ ਦੇ ਵਿਕਾਸ ’ਚ ਯੋਗਦਾਨ ਪਾ ਸਕਣ।