ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 1 ਮਈ
ਕੇਂਦਰ ਵੱਲੋਂ ਦੇਸ਼ ਭਰ ਵਿੱਚੋਂ ਚੰਡੀਗੜ੍ਹ ਦੀ ‘ਪ੍ਰੋਗਰਾਮ ਫਾਰ ਇੰਟਰਨੈਸ਼ਨਲ ਸਟੂਡੈਂਟਸ ਅਸੈਸਮੈਂਟ’ (ਪੀਸਾ) ਪ੍ਰੀਖਿਆ ਲਈ ਚੋਣ ਕੀਤੀ ਗਈ ਹੈ, ਇਸ ਪ੍ਰੀਖਿਆ ਦੀ ਤਿਆਰੀ ’ਤੇ ਕਰੋਨਾ ਨੇ ਮਾਰ ਕੀਤੀ ਹੈ ਜਿਸ ਕਾਰਨ ਹੁਣ ਵਿਭਾਗ ਨੇ ਇਸ ਪ੍ਰੀਖਿਆ ਦੀਆਂ ਆਨਲਾਈਨ ਤਿਆਰੀਆਂ ਕਰਨ ਦਾ ਫੈਸਲਾ ਕੀਤਾ ਹੈ। ਸਿੱਖਿਆ ਵਿਭਾਗ ਨੇ 30 ਅਪਰੈਲ ਨੂੰ ਸਾਰੇ ਸਕੂਲ ਮੁਖੀਆਂ ਨੂੰ ਪੱਤਰ ਜਾਰੀ ਕਰ ਕੇ ਅਧਿਆਪਕਾਂ ਤੇ ਵਿਦਿਆਰਥੀਆਂ ਦੇ ਵੇਰਵੇ ਮੰਗੇ ਹਨ ਜੋ 10 ਮਈ ਤਕ ਦੇਣੇ ਜ਼ਰੂਰੀ ਹੋਣਗੇ।
ਜਾਣਕਾਰੀ ਅਨੁਸਾਰ ਪੀਸਾ ਦੀ ਪ੍ਰੀਖਿਆ ਦੇਸ਼ ਤੇ ਵਿਦੇਸ਼ ਵਿੱਚ ਇਕੋ ਸਮੇਂ ਸਾਲ 2022 ਵਿੱਚ ਹੋਵੇਗੀ। ਇਸ ਲਈ ਸਟੇਟ ਕਾਊਂਸਲ ਆਫ ਐਜੂਕਸ਼ਨਲ ਰਿਸਰਚ ਐਂਡ ਟਰੇਨਿੰਗ ਐਸਸੀਈਆਰਟੀ ਵੱਲੋਂ ਕ੍ਰਿਟੀਕਲ ਐਂਡ ਕ੍ਰਿਏਟਿਵ ਥਿੰਕਿੰਗ ਪ੍ਰੈਕਟਿਸ ਪ੍ਰੋਗਰਾਮ ਵੀ ਉਲੀਕਿਆ ਗਿਆ ਹੈ।
ਸਰਬ ਸਿੱਖਿਆ ਅਭਿਆਨ ਦੇ ਡਿਪਟੀ ਸਟੇਟ ਪ੍ਰਾਜੈਕਟ ਡਾਇਰੈਕਟਰ ਨੇ ਸਕੂਲ ਮੁਖੀਆਂ ਨੂੰ ਕਿਹਾ ਹੈ ਕਿ ਉਹ ਪਹਿਲੀ ਮਈ 2005 ਤੋਂ 30 ਅਪਰੈਲ 2007 ਦਰਮਿਆਨ ਜਨਮੇ ਵਿਦਿਆਰਥੀਆਂ ਦੇ ਹੀ ਵੇਰਵੇ ਭੇਜਣ। ਇਸ ਤੋਂ ਇਲਾਵਾ ਅੰਗਰੇਜ਼ੀ, ਗਣਿਤ ਤੇ ਵਿਗਿਆਨ ਦੇ ਅਧਿਆਪਕਾਂ ਤੋਂ ਇਲਾਵਾ ਹਰ ਸਕੂਲ ਦੇ ਪ੍ਰੀਖਿਆ ਕੋਆਰਡੀਨੇਟਰ ਦੇ ਵੇਰਵੇ ਮੰਗੇ ਗਏ ਹਨ। ਪੀਸਾ ਦੀ ਪ੍ਰੀਖਿਆ ਵਿੱਚ ਗਣਿਤ, ਵਿਗਿਆਨ ਤੇ ਲਰਨਿੰਗ ਬਾਰੇ ਪ੍ਰਸ਼ਨ ਪੁੱਛੇ ਜਾਣਗੇ। ਇਸ ਪ੍ਰੀਖਿਆ ਵਿੱਚ ਚੰਡੀਗੜ੍ਹ ਦੇ ਸਰਕਾਰੀ, ਨਿੱਜੀ, ਨਵੋਦਿਆ ਵਿਦਿਆਲਿਆ, ਸੈਂਟਰਲ ਸਕੂਲਾਂ ਦੇ ਦੋ ਤੋਂ ਤਿੰਨ ਹਜ਼ਾਰ ਵਿਦਿਆਰਥੀਆਂ ਦੀ ਚੋਣ ਕੀਤੀ ਜਾਵੇਗੀ।
ਪੀਸਾ ਪ੍ਰੀਖਿਆ ਕਿਉਂ ਹੈ ਅਹਿਮ
ਭਾਰਤ ਵੱਲੋਂ ਇਸ ਪ੍ਰੀਖਿਆ ਲਈ ਸਿਰਫ ਇਕ ਵਾਰ ਸਾਲ 2009 ਵਿੱਚੋਂ ਹਿੱਸਾ ਲਿਆ ਗਿਆ ਸੀ। ਉਸ ਵੇਲੇ ਕੇਂਦਰ ਨੇ ਹਿਮਾਚਲ ਪ੍ਰਦੇਸ਼ ਤੇ ਤਾਮਿਲਨਾਡੂ ਦੇ ਵਿਦਿਆਰਥੀਆਂ ਦੀ ਚੋਣ ਕੀਤੀ ਸੀ ਪਰ ਭਾਰਤ ਦਾ ਇਸ ਪ੍ਰੀਖਿਆ ਵਿੱਚ 74 ਦੇਸ਼ਾਂ ਵਿੱਚੋਂ 72ਵਾਂ ਸਥਾਨ ਆਇਆ ਸੀ। ਇਸ ਤੋਂ ਬਾਅਦ ਭਾਰਤ ਨੇ ਇਸ ਪ੍ਰੀਖਿਆ ਵਿੱਚ ਹਿੱਸਾ ਲੈਣਾ ਬੰਦ ਕਰ ਦਿੱਤਾ ਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਚੰਡੀਗੜ੍ਹ ਦੇ ਵਿਦਿਆਰਥੀਆਂ ਦੀ ਇਮਤਿਹਾਨ ਲਈ ਚੋਣ ਕੀਤੀ ਗਈ ਹੈ ਜੋ ਸਾਲ 2022 ਵਿੱਚ ਹੋਵੇਗੀ।
ਹੋਸਟਲ ਵਿੱਚ ਰਹਿ ਰਹੇ ਵਿਦਿਆਰਥੀਆਂ ਦੇ ਵੇਰਵੇ ਮੰਗੇ
ਯੂਟੀ ਦੇ ਡਾਇਰੈਕਟਰ ਐਜੂਕੇਸ਼ਨ ਰੁਬਿੰਦਰਜੀਤ ਸਿੰਘ ਬਰਾੜ ਨੇ ਚੰਡੀਗੜ੍ਹ ਦੇ ਕਾਲਜਾਂ ਤੇ ਹੋਰ ਵਿਦਿਅਕ ਸੰਸਥਾਵਾਂ ਦੇ ਹੋਸਟਲਾਂ ਵਿੱਚ ਸੰਸਥਾਨ ਮੁਖੀਆਂ ਦੀ ਆਗਿਆ ਨਾਲ ਰਹਿ ਰਹੇ ਵਿਦਿਆਰਥੀਆਂ ਦੇ ਵੇਰਵੇ 4 ਮਈ ਤਕ ਮੰਗੇ ਹਨ। ਇਸ ਤੋਂ ਪਹਿਲਾਂ ਪ੍ਰਸ਼ਾਸਨ ਨੇ ਕਰੋਨਾ ਕਾਰਨ ਵਿਦਿਆਰਥੀਆਂ ਨੂੰ ਹੋਸਟਲ ਖਾਲੀ ਕਰਨ ਦੇ ਹੁਕਮ ਦਿੱਤੇ ਸਨ।