ਸ੍ਰੀ ਕੀਰਤਪੁਰ ਸਾਹਿਬ (ਬੀਐੱਸ ਚਾਨਾ): ਲਖੀਮਪੁਰ ਖੀਰੀ ਦੇ ਸ਼ਹੀਦਾਂ ਦੀਆਂ ਅਸਥੀਆਂ ਦੀ ਕਲਸ਼ ਯਾਤਰਾ ਅੱਜ ਕਿਸਾਨ ਆਗੂ ਮਨਜੀਤ ਰਾਏ ਦੀ ਅਗਵਾਈ ਹੇਠ ਸ੍ਰੀ ਕੀਰਤਪੁਰ ਸਾਹਿਬ ਪੁੱਜੀ। ਇੱਥੇ ਗੁਰਦੁਆਰਾ ਪਤਾਲਪੁਰੀ ਸਾਹਿਬ ਨੇੜੇ ਬਣੇ ਅਸਥਘਾਟ ’ਤੇ ਸ਼ਹੀਦ ਕਿਸਾਨਾਂ ਦੀਆਂ ਅਸਥੀਆਂ ਜਲ ਪ੍ਰਵਾਹ ਕਰ ਦਿੱਤੀਆਂ ਗਈਆਂ। ਮਨਜੀਤ ਰਾਏ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਹਰ ਤਰ੍ਹਾਂ ਦੇ ਭੁਲੇਖੇ ਮਨ ਵਿੱਚੋਂ ਕੱਢ ਦੇਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਕਿਸਾਨ ਇਕਮੁੱਠ ਹਨ ਅਤੇ ਉਨ੍ਹਾਂ ਵਿੱਚ ਕੋਈ ਵਖਰੇਵੇਂ ਨਹੀਂ ਹਨ। ਮਨਜੀਤ ਰਾਏ ਨੇ ਕਿਹਾ ਕਿ ਕੇਂਦਰ ਸਰਕਾਰ ਕਿਸਾਨਾਂ-ਮਜ਼ਦੂਰਾਂ ਵਿੱਚ ਵਖਰੇਵੇਂ ਖੜ੍ਹੇ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਵਧ ਰਹੀਆਂ ਤੇਲ ਕੀਮਤਾਂ ਲਈ ਸਿੱਧੇ ਤੌਰ ’ਤੇ ਕੇਂਦਰ ਸਰਕਾਰ ਜ਼ਿੰਮੇਵਾਰ ਹੈ। ਉਨ੍ਹਾਂ ਕਿਹਾ ਕਿ ਹੁਣ ਭਾਜਪਾ ਜੋ ਮਰਜ਼ੀ ਕਰ ਲਵੇ, ਲੋਕ ਭਾਜਪਾ ਨੂੰ ਸੱਤਾ ਤੋਂ ਲਾਂਭੇ ਕਰ ਕੇ ਹੀ ਸਾਹ ਲੈਣਗੇ।
ਕੈਪਸ਼ਨ: ਗੁਰਦੁਆਰਾ ਪਤਾਲਪੁਰੀ ਵਿਖੇ ਲਖੀਮਪੁਰ ਖੀਰੀ ਦੇ ਸ਼ਹੀਦਾਂ ਦੀਆਂ ਅਸਥੀਆਂ ਜਲ ਪ੍ਰਵਾਹ ਕਰਨ ਮੌਕੇ ਮਨਜੀਤ ਰਾਏ ਤੇ ਹੋਰ ਆਗੂ।