ਮਿਹਰ ਸਿੰਘ
ਕੁਰਾਲੀ, 17 ਮਾਰਚ
ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਦੇ ਨਾਲ ਹੀ ਸਰਕਾਰੀ ਦਫ਼ਤਰਾਂ ਦਾ ਮਾਹੌਲ ਵੀ ਬਦਲਣ ਲੱਗ ਪਿਆ ਹੈ। ਸਰਕਾਰੀ ਦਫ਼ਤਰਾਂ ਵਿੱਚ ਅਕਸਰ ਦੇਰੀ ਨਾਲ ਪਹੁੰਚਣ ਵਾਲੇ ਮੁਲਾਜ਼ਮ ਹੁਣ ਸਮੇਂ ਸਿਰ ਪੁੱਜਣ ਲੱਗ ਪਏ ਹਨ ਜਦਕਿ ਲੋਕਾਂ ਦੇ ਕੰਮ ਵੀ ਆਸਾਨੀ ਨਾਲ ਹੋਣ ਲੱਗੇ ਹਨ। ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਭਾਰੀ ਬਹੁਮਤ ਨਾਲ ਆਮ ਆਦਮੀ ਪਾਰਟੀ ਦੀ ਸਰਕਾਰ ਬਣਦਿਆਂ ਹੀ ਜਿੱਥੇ ਆਮ ਲੋਕਾਂ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ ਉੱਥੇ ਹੀ ਸਰਕਾਰੀ ਦਫ਼ਤਰਾਂ ਦਾ ਮਾਹੌਲ ਬਦਲਣ ਲੱਗਾਹੈ। ਹੁਣ ਤੱਕ ਭਾਵੇਂ ਕਿ ਸਰਕਾਰੀ ਦਫ਼ਤਰਾਂ ਵਿੱਚ ਮੁੱਖ ਮੰਤਰੀ ਦੀ ਤਸਵੀਰ ਲੱਗਦੀ ਸੀ ਪਰ ਹੁਣ ਮੁੱਖ ਮੰਤਰੀ ਭਗਵੰਤ ਮਾਨ ਦੇ ਐਲਾਨ ਮੁਤਾਬਕ ਸਰਕਾਰੀ ਦਫ਼ਤਰਾਂ ਵਿੱਚੋਂ ਮੁੱਖ ਮੰਤਰੀ ਦੀ ਤਸਵੀਰ ਗਾਇਬ ਹੋ ਗਈ ਹੈ ਅਤੇ ਉਸ ਦੀ ਥਾਂ ਸ਼ਹੀਦ-ਏ-ਆਜ਼ਮ ਭਗਤ ਸਿੰਘ ਅਤੇ ਸੰਵਿਧਾਨ ਦੇ ਨਿਰਮਾਤਾ ਡਾ. ਬੀ.ਆਰ. ਅੰਬੇਦਕਰ ਦੀਆਂ ਤਸਵੀਰਾਂ ਲੱਗਣੀਆਂ ਸ਼ੁਰੂ ਹੋ ਗਈਆਂ ਹਨ।
ਇਸ ਸਬੰਧੀ ਜਦੋਂ ਸਥਾਨਕ ਮਾਰਕੀਟ ਕਮੇਟੀ ਦੇ ਦਫ਼ਤਰ ਦਾ ਦੌਰਾ ਕੀਤਾ ਗਿਆ ਤਾਂ ਦਫ਼ਤਰੀ ਸਟਾਫ਼ ਮੁੱਖ ਮੰਤਰੀ ਦੀ ਤਸਵੀਰ ਲਈ ਬਣਾਈ ਥਾਂ ’ਤੇ ਸ਼ਹੀਦ ਭਗਤ ਸਿੰਘ ਅਤੇ ਡਾ. ਬੀ.ਆਰ. ਅੰਬੇਦਕਰ ਦੀਆਂ ਤਸਵੀਰਾਂ ਲਗਾਉਂਦਾ ਨਜ਼ਰ ਆਇਆ।
ਇਲਾਕੇ ਦੇ ਹੀ ਇੱਕ ਸਕੂਲ ਵਿੱਚ ਅਧਿਆਪਕਾਂ ਦੇ ਲੇਟ ਆਉਣ ਨੂੰ ਲੈ ਕੇ ਵੀ ਪਿੰਡ ਵਾਸੀਆਂ ਨੇ ਹੰਗਾਮਾ ਕੀਤਾ ਅਤੇ ਸਟਾਫ਼ ਨੂੰ ਸਮੇਂ ਸਿਰ ਆਉਣ ਦਾ ਸਬਕ ਸਿਖਾਇਆ। ਇਸ ਤੋਂ ਇਲਾਵਾ ਸ਼ਹਿਰ ਤੇ ਇਲਾਕੇ ਦੇ ਹੋਰਨਾਂ ਸਰਕਾਰੀ ਦਫ਼ਤਰਾਂ ਤੇ ਅਦਾਰਿਆਂ ਵਿੱਚ ਕੰਮ ਕਰਦੇ ਕਰਮਚਾਰੀਆਂ ਨੂੰ ਵੀ ਅਧਿਕਾਰੀਆਂ ਨੇ ਸਮੇਂ ਸਿਰ ਆਉਣ ਅਤੇ ਲੋਕਾਂ ਦੇ ਕੰਮਾਂ ਨੂੰ ਤਰਜੀਹ ਦੇ ਕੇ ਨੇਪਰੇ ਚਾੜ੍ਹਨ ਦੀਆਂ ਜ਼ੁਬਾਨੀ ਹਦਾਇਤਾਂ ਜਾਰੀ ਕਰ ਦਿੱਤੀਆਂ ਹਨ।
ਇਸੇ ਦੌਰਾਨ ਸ਼ਹਿਰ ਵਾਸੀ ਅਰਸ਼ਪ੍ਰੀਤ ਸਿੰਘ ਨੇ ਦੱਸਿਆ ਕਿ ਸ਼ਹਿਰ ਦੇ ਇੱਕ ਸਰਕਾਰੀ ਦਫ਼ਤਰ ਵਿੱਚ ਉਸ ਦਾ ਕੰਮ ਕਈ ਹਫ਼ਤਿਆਂ ਤੋਂ ਲਟਕਦਾ ਆ ਰਿਹਾ ਸੀ ਪਰ ‘ਆਪ’ ਦੀ ਸਰਕਾਰ ਬਣਦਿਆਂ ਹੀ ਉਸ ਦਾ ਕੰਮ ਪੂਰਾ ਹੋ ਗਿਆ ਹੈ।