ਆਤਿਸ਼ ਗੁਪਤਾ
ਚੰਡੀਗੜ੍ਹ, 19 ਜੂਨ
ਸਿਟੀ ਬਿਊਟੀਫੁੱਲ ਵਿੱਚ ਕਰੋਨ ਦੇ ਕੇਸ ਘਟਣ ਕਾਰਨ ਯੂਟੀ ਪ੍ਰਸ਼ਾਸਨ ਨੇ ਸ਼ਹਿਰ ਵਿੱਚ ਸਖ਼ਤਾਈ ਦਾ ਘੇਰਾ ਘਟਾ ਲਿਆ ਹੈ। ਦੁਕਾਨਾਂ ਸਵੇਰੇ ਤੋਂ ਸ਼ਾਮ ਤੱਕ ਖੁੱਲ੍ਹ ਰਹੀਆਂ ਹਨ ਅਤੇ ਹਫ਼ਤਾਵਰੀ ਲੌਕਡਾਊਨ ਵੀ ਹਟਾ ਦਿੱਤਾ ਹੈ। ਪ੍ਰਸ਼ਾਸਨ ਵੱਲੋਂ ਲੌਕਡਾਊਨ ਹਟਾਏ ਜਾਣ ਤੋਂ ਬਾਅਦ ਸ਼ਹਿਰ ਵਾਸੀ ਬੇਪ੍ਰਵਾਹ ਹੋ ਗਏ ਹਨ। ਜੋ ਨਾ ਮਾਸਕ ਦੀ ਵਰਤੋਂ ਕਰਦੇ ਕਰ ਰਹੇ ਹਨ ਅਤੇ ਨਾ ਹੀ ਕੋਈ ਸਮਾਜਿਕ ਦੂੂਰੀ ਦੇ ਨਿਯਮਾਂ ਦੀ ਪਾਲਣਾ ਰੱਖ ਰਿਹਾ ਹੈ। ਲੋਕਾਂ ਦੀ ਲਾਪ੍ਰਵਾਹੀ ਨਾਲ ਕਰੋਨਾਵਾਇਰਸ ਦੇ ਮੁੜ ਪਸਾਰ ਦਾ ਖ਼ਦਸ਼ਾ ਜ਼ਾਹਿਰ ਕੀਤਾ ਜਾ ਰਿਹਾ ਹੈ।
ਸ਼ਹਿਰ ਦੇ ਸੈਕਟਰ-22 ਮੋਬਾਈਲ ਮਾਰਕੀਟ ਵਿੱਚ ਦਿਨ ਭਰ ਨੌਜਵਾਨਾਂ ਦੀ ਭੀੜ ਲੱਗੀ ਰਹੀ। ਜਿੱਥੇ ਲੋਕ ਬਿਨਾਂ ਮਾਸਕ ਤੋਂ ਵੀ ਫਿਰਦੇ ਰਹੇ। ਇਹੋ ਹਾਲ ਸੈਕਟਰ-15, 16 ਦੀ ਮਾਰਕੀਟ ਵਿੱਚ ਦੇਖਣ ਨੂੰ ਮਿਲ ਰਿਹਾ ਹੈ। ਸੈਕਟਰ-32 ਦੀ ਮਾਰਕੀਟ ਵਿੱਚ ਲੋਕ ਨਿਯਮਾਂ ਦੀ ਪਾਲਣ ਘਟ ਕਰ ਰਹੇ ਹਨ ਜਦਕਿ ਸ਼ਹਿਰ ਦੀਆਂ ਛੋਟੀਆਂ ਮਾਰਕੀਟਾਂ ਵਿੱਚ ਵੀ ਲੋਕਾਂ ਦੀ ਭੀੜ ਦੇਖਣ ਨੂੰ ਮਿਲ ਰਹੀ ਹੈ। ਇਨ੍ਹਾਂ ਹੀ ਨਹੀਂ ਸੈਕਟਰ-26 ਦੀ ਸਬਜ਼ੀ ਮੰਡੀ ਅਤੇ ਸੈਕਟਰ-18 ਦੀ ਇਲੈਕਟ੍ਰੌੌਨਿਕ ਮਾਰਕੀਟ ਵਿੱਚ ਵੀ ਲੋਕ ਬਿਨਾਂ ਮਾਸਕ ਤੋਂ ਫਿਰ ਰਹੇ ਹਨ।
ਚੰਡੀਗੜ੍ਹ ਪੁਲੀਸ ਵੱਲੋਂ ਸਮਾਜਿਕ ਦੂਰੀ ਦੇ ਨਿਯਮਾਂ ਦੀ ਪਾਲਣਾ ਨੂੰ ਯਕੀਨੀ ਬਣਾਉਣ ਲਈ ਸ਼ਹਿਰ ਵਿੱਚ ਵੱਖ-ਵੱਖ ਥਾਵਾਂ ’ਤੇ ਚਾਲਾਨ ਕੀਤੇ ਜਾ ਰਹੇ ਹਨ। ਪੁਲੀਸ ਦੀ ਸਖ਼ਤੀ ਨਾਲ ਕੁਝ ਸਮੇਂ ਲਈ ਭੀੜ ਹਟ ਜਾਂਦੀ ਹੈ ਪਰ ਬਾਅਦ ਵਿੱਚ ਹਾਲਾਤ ਪਹਿਲਾਂ ਵਾਲੇ ਹੋ ਜਾਂਦੇ ਹਨ।
ਪ੍ਰਸ਼ਾਸਨਿਕ ਅਧਿਕਾਰੀਆਂ ਨੇ ਲੋਕਾਂ ਨੂੰ ਵਾਰ-ਵਾਰ ਨਿਯਮਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ। ਉਨ੍ਹਾਂ ਦਾ ਕਹਿਣਾ ਹੈ ਕਿ ਸ਼ਹਿਰ ਵਿੱਚ ਕਰੋਨਾ ਦੇ ਕੇਸ ਵਧਣ ਕਰ ਕੇ ਮੁੜ ਸਖ਼ਤੀ ਵਧਾ ਦਿੱਤੀ ਜਾਵੇਗੀ।