ਮਿਹਰ ਸਿੰਘ
ਕੁਰਾਲੀ, 19 ਜੂਨ
ਪੰਜਾਬ ਸਰਕਾਰ ਵੱਲੋਂ ਛੋਟੇ ਬੱਚਿਆਂ ਅਤੇ ਗਰਭਵਤੀ ਮਹਿਲਾਵਾਂ ਨੂੰ ਪੌਸ਼ਕਿਟ ਖੁਰਾਕ ਮੁਹਈਆ ਕਰਵਾਉਣ ਦੇ ਉਦੇਸ਼ ਹਿਤ ਚਲਾਈ ‘ਟੇਕ ਹੋਮ ਸਕੀਮ’ ਦਾ ਆਗਾਜ਼ ਨੇੜਲੇ ਪਿੰਡ ਫਤਿਹਗੜ੍ਹ ਤੋਂ ਕੀਤਾ ਗਿਆ। ਪੰਜਾਬ ਸਰਕਾਰ ਦੀ ‘ਟੇਕ ਹੋਮ ਸਕੀਮ’ ਸ਼ੁਰੂਆਤ ਕਰਦਿਆਂ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਅਰੁਣਾ ਚੌਧਰੀ ਨੇ ਪਿੰਡ ਦੇ ਆਂਗਨਵਾੜੀ ਕੇਂਦਰ ਵਿੱਚ ਕਰਵਾਏ ਸਮਾਗਮ ਦੌਰਾਨ ਬੱਚਿਆਂ ਅਤੇ ਗਰਭਵਤੀ ਮਹਿਲਾਵਾਂ ਦੀ ਸਿਹਤ ਸੰਭਾਲ ਦੀ ਲੋੜ ’ਤੇ ਜ਼ੋਰ ਦਿੰਦਿਆਂ ਕਿਹਾ ਕਿ ਇਸ ਮਨੋਰਥ ਲਈ ਪੰਜਾਬ ਸਰਕਾਰ ਪੂਰੀ ਤਰ੍ਹਾਂ ਗੰਭੀਰ ਹੈ। ਉਨ੍ਹਾਂ ਇਸ ਮੌਕੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਛੋਟੀ ਉਮਰ ਦੇ ਬੱਚਿਆਂ ਤੇ ਗਰਭਵਤੀ ਔਰਤਾਂ ਲਈ ‘ਟੇਕ ਹੋਮ ਸਕੀਮ’ ਸ਼ੁਰੂ ਕੀਤੀ ਗਈ ਹੈ।
ਕਰੋਨਾ ਮਹਾਮਾਰੀ ਦੇ ਚੱਲਿਦਆਂ ਘਰਾਂ ਵਿੱਚ ਬੈਠੇ ਬੱਚਿਆਂ ਤੇ ਗਰਭਵਤੀ ਔਰਤਾਂ ਨੂੰ ਘਰ ਘਰ ਇਹ ਸਕੀਮ ਪਹੁੰਚਾਈ ਜਾਵੇਗੀ, ਜਿਸ ਵਿੱਚ ਪੌਸ਼ਟਿਕ ਖਾਣੇ ਦੀਆਂ ਕਿੱਟਾਂ ਵੰਡੀਆਂ ਜਾਣਗੀਆਂ। ਪੰਜਾਬ ਸਰਕਾਰ ਵੱਲੋਂ ਇਹ ਸਕੀਮ ਹਰ ਪਿੰਡ ਵਿੱਚ ਲਾਗੂ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਸਕੀਮ ਤਹਿਤ ਇਹ ਕਿੱਟਾਂ 6 ਮਹੀਨੇ ਤੋਂ ਲੈ ਕੇ 6 ਸਾਲ ਉਮਰ ਤੱਕ ਦੇ ਬੱਚਿਆਂ ਅਤੇ ਗਰਭਵਤੀ ਔਰਤਾਂ ਨੂੰ ਵੰਡੀਆਂ ਜਾਣੀਆਂ ਹਨ। ਸ਼ੁਰੂਆਤੀ ਦਿਨ ਅੱਜ 15 ਫੂਡ ਕਿੱਟਾਂ ਵੰਡੀਆਂ ਗਈਆਂ ਹਨ ਜਿਸ ਵਿੱਚ ਬੱਚਿਆਂ ਅਤੇ 5 ਗਰਭਵਤੀ ਔਰਤਾਂ ਨੂੰ ਫੂਡ ਕਿੱਟਾਂ ਵੰਡੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਮੁਹਈਆ ਕਰਵਾਈਆਂ ਜਾਣ ਵਾਲੀਆਂ ਇਹ ਫੂਡ ਕਿੱਟਾਂ ਤਾਕਤ ਦੇਣ ਵਾਲੀਆਂ ਹੋਣਗੀਆਂ ।