ਦਰਸ਼ਨ ਸਿੰਘ ਸੋਢੀ
ਐਸ.ਏ.ਐਸ. ਨਗਰ (ਮੁਹਾਲੀ), 19 ਜੁਲਾਈ
ਇੱਥੇ ਫੋਰਟਿਸ ਹਸਪਤਾਲ ਵਿੱਚ ਨੌਕਰੀ ਕਰਦੇ (ਮੇਲ ਨਰਸ) ਅਰੁਣ ਭਾਰਦਵਾਜ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ ਗਿਆ। ਆਈਟੀ ਸਿਟੀ ਮੁਹਾਲੀ ਵਿੱਚ ਅਰੁਣ ਭਾਰਦਵਾਜ ਦੋ ਸਾਲ ਪਹਿਲਾਂ ਰੁਜ਼ਗਾਰ ਦੀ ਭਾਲ ਵਿੱਚ ਆਇਆ ਸੀ। ਨੌਜਵਾਨ ਦੇ ਪਿਤਾ ਨੇ ਦੱਸਿਆ ਕਿ ਬੀਤੀ ਦੇਰ ਰਾਤ ਅਰੁਣ ਨੂੰ ਫੋਰਟਿਸ ਹਸਪਤਾਲ ਦੇ ਇੱਕ ਡਾਕਟਰ ਨੇ ਵੀਡੀਓ ਕਾਲ ਕਰਦਿਆਂ ਜ਼ਰੂਰੀ ਕੰਮ ਕਹਿ ਕੇ ਬਾਹਰ ਸੱਦਿਆ ਸੀ, ਜਿਸ ’ਤੇ ਉਹ ਕਾਰ ਲੈ ਕੇ ਚਲਾ ਗਿਆ ਸੀ।
ਕਿਸਮਤ ਨੇ ਵੀ ਉਸ ਦਾ ਸਾਥ ਦਿੱਤਾ ਅਤੇ ਦੇਸ਼ ਦੇ ਮੰਨੇ ਪ੍ਰਮੰਨੇ ਸੁਪਰ ਸਪੈਸ਼ਲਿਟੀ ਹਸਪਤਾਲ ਵਿੱਚ ਨੌਕਰੀ ਮਿਲ ਗਈ। ਉਹ ਇੱਥੋਂ ਦੇ ਫੇਜ਼-9 ਵਿੱਚ ਮਕਾਨ ਕਿਰਾਏ ’ਤੇ ਲੈ ਕੇ ਪਰਿਵਾਰ ਪਤਨੀ ਨਾਲ ਰਹਿਣ ਲੱਗ ਪਿਆ ਅਤੇ ਬਾਅਦ ਵਿੱਚ ਉਸ ਦੇ ਮਾਤਾ-ਪਿਤਾ ਵੀ ਇੱਥੇ ਹੀ ਸ਼ਿਫ਼ਟ ਹੋ ਗਏ। ਸਵਾ ਮਹੀਨਾ ਪਹਿਲਾਂ ਦੀ ਉਨ੍ਹਾਂ ਦੇ ਘਰ ਬੱਚੀ ਨੇ ਜਨਮ ਲਿਆ। ਹਸਪਤਾਲ ਵਿੱਚ ਡਿਊਟੀ ਖ਼ਤਮ ਕਰਕੇ ਜਦੋਂ ਅਰੁਣ ਘਰ ਆਉਂਦਾ ਸੀ ਤਾਂ ਮਾਸੂਮ ਬੱਚੀ ਨਾਲ ਖੇਡ ਕੇ ਸਾਰੀ ਥਕਾਵਟ ਦੂਰ ਹੋ ਜਾਂਦੀ ਸੀ। ਅਰੁਣ ਦੀ ਭੈਣ ਦਾ ਵਿਆਹ ਹੋ ਚੁੱਕਾ ਹੈ ਜਦੋਂਕਿ ਇਕ ਭਰਾ ਅਮਨੋਲ ਭਾਦਰਵਾਜ ਯੂਕੇ ਰਹਿੰਦਾ ਹੈ। ਅਰੁਣ ਦਾ ਪਿਤਾ ਵਿਜੈ ਕੁਮਾਰ ਵੀ ਆਪਣੇ ਬੇਟੇ ਦੇ ਸਹਾਰੇ ਬਾਕੀ ਰਹਿੰਦੀ ਜ਼ਿੰਦਗੀ ਖ਼ੁਸ਼ਹਾਲ ਤਰੀਕੇ ਨਾਲ ਜਿਊਣ ਦਾ ਸੁਪਨਾ ਦੇਖ ਰਿਹਾ ਸੀ ਪਰ ਹੋਣੀ ਨੂੰ ਕੁਝ ਹੋਰ ਵੀ ਮਨਜ਼ੂਰ ਸੀ। ਜਿਸ ਪੁੱਤਰ ਨੂੰ ਉਹ ਆਪਣੇ ਬੁਢਾਪੇ ਦੀ ਲਾਠੀ ਸਮਝ ਕੇ ਪਿੰਡ ਤੋਂ ਮੁਹਾਲੀ ਆ ਕੇ ਰਹਿਣ ਗਿਆ ਸੀ, ਅੱਜ ਉਹੀ ਪਿਤਾ ਆਪਣੇ ਲਾਡਲੇ ਪੁੱਤ ਦੀ ਲਾਸ਼ ਲੈ ਕੇ ਵਾਪਸ ਆਪਣੇ ਘਰ ਪਰਤ ਗਿਆ। ਗੁਆਂਢੀ ਰਮੇਸ਼ ਵਰਮਾ ਨੇ ਦੱਸਿਆ ਕਿ ਅੱਜ ਜਦੋਂ ਉਹ ਹਸਪਤਾਲ ’ਚੋਂ ਲਾਸ਼ ਲੈ ਕੇ ਆਪਣੇ ਪਿੰਡ ਜਾਣ ਲੱਗਾ ਤਾਂ ਉਸ ਤੋਂ ਸੰਭਲਿਆ ਨਹੀਂ ਗਿਆ। ਮੁਹੱਲੇ ਦੇ ਲੋਕਾਂ ਅਤੇ ਹੋਰ ਜਾਣਕਾਰਾਂ ਨੇ ਫੜ ਕੇ ਉਸ ਨੂੰ ਐਂਬੂਲੈਂਸ ਵਿੱਚ ਬਿਠਾਇਆ।
ਸਾਰੇ ਮੁਲਜ਼ਮਾਂ ਜਲਦੀ ਗ੍ਰਿਫ਼ਤਾਰ ਹੋਣਗੇ: ਡੀਐੱਸਪੀ
ਡੀਐਸਪੀ (ਸਿਟੀ-2) ਦੀਪ ਕੰਵਲ ਨੇ ਦੱਸਿਆ ਕਿ ਇਸ ਸਬੰਧੀ ਪੁਲੀਸ ਨੇ ਅੱਧਾ ਦਰਜਨ ਸ਼ੱਕੀ ਵਿਅਕਤੀਆਂ ਨੂੰ ਹਿਰਾਸਤ ਵਿੱਚ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਲੰਘੀ ਰਾਤ ਸ਼ਰਾਬ ਦੇ ਠੇਕੇ ਦੇ ਬਾਹਰ ਉਹ ਫੋਰਟਿਸ ਦੇ ਹੀ ਡਾਕਟਰ ਨਾਲ ਕਾਰ ਵਿੱਚ ਬੈਠਾ ਸੀ। ਇਸ ਦੌਰਾਨ ਹਮਲਾਵਰਾਂ ਨਾਲ ਉਸ ਦੀ ਕਿਸੇ ਗੱਲ ਨੂੰ ਲੈ ਕੇ ਹਲਕੀ ਜਿਹੀ ਬਹਿਸ ਹੋ ਗਈ ਅਤੇ ਦੇਖਦੇ ਹੀ ਦੇਖਦੇ ਹੀ ਗੱਲ ਖੂੰਨੀ ਸੰਘਰਸ਼ ਤੱਕ ਪਹੁੰਚ ਗਈ। ਉਨ੍ਹਾਂ ਕਿਹਾ ਕਿ ਪੁਲੀਸ ਜਲਦੀ ਹੀ ਸਾਰੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਵੇਗੀ।