ਖੇਤਰੀ ਪ੍ਰਤੀਨਿਧ
ਐੱਸ.ਏ.ਐੱਸ.ਨਗਰ (ਮੁਹਾਲੀ), 26 ਮਈ
ਇਪਟਾ ਵੱਲੋਂ ਪੰਜਾਬ ਵਿੱਚ ਕਪੂਰਥਲਾ, ਜਲੰਧਰ, ਹੁਸ਼ਿਆਰਪੁਰ, ਮੋਗਾ ਵਿੱਚ 80ਵਾਂ ਸਥਾਪਨਾ ਦਿਵਸ ਮਨਾਇਆ ਗਿਆ। ਮੁਹਾਲੀ ਦੇ ਫੇਜ਼ ਪਹਿਲੇ ਵਿੱਚ ਯੂਨੀਵਰਸਲ ਆਰਟ ਐਂਡ ਕਲਚਰ ਵੈੱਲਫੇਅਰ ਸੁਸਾਇਟੀ ਦੇ ਸਹਿਯੋਗ ਨਾਲ ਇਪਟਾ ਦੇ ਸਥਾਪਨਾ ਦਿਵਸ ਮੌਕੇ ‘ਬਾਤਾਂ ਇਪਟਾ ਦੀਆਂ’ ਦਾ ਆਗ਼ਾਜ਼ ਕੀਤਾ ਗਿਆ। ਇਪਟਾ ਦੇ ਕਾਰਕੁਨ ਸਵਰਣ ਸਿੰਘ ਸੰਧੂ ਅਤੇ ਜੁੱਧਵੀਰ ਸਿੰਘ ਦੇ ਗੀਤ ਨਾਲ ਪ੍ਰੋਗਰਾਮ ਦਾ ਆਗਾਜ਼ ਹੋਇਆ। ਇਪਟਾ ਦੇ ਸੂਬਾ ਪ੍ਰਧਾਨ ਤੇ ਨਾਟ-ਕਰਮੀ ਸੰਜੀਵਨ ਸਿੰਘ ਨੇ ਇਪਟਾ ਨਾਲ ਜੁੜੀਆਂ ਵਿਸ਼ੇਸ਼ ਘਟਨਾਵਾਂ, ਕਾਰਜਾਂ ਅਤੇ ਭਵਿੱਖੀ ਯੋਜਨਾਵਾਂ ਬਾਰੇ ਜਾਣਕਾਰੀ ਦਿੱਤੀ। ਚੰਡੀਗੜ੍ਹ ਇਕਾਈ ਦੇ ਪ੍ਰਧਾਨ ਤੇ ਰੰਗਕਰਮੀ ਬਲਕਾਰ ਸਿੱਧੂ ਨੇ ਇਪਟਾ ਦੇ ਸਮਾਜਿਕ ਸਰੋਕਾਰਾਂ ਬਾਰੇ ਗੱਲ ਕੀਤੀ।
ਰੰਗਮੰਚ ਤੇ ਫਿਲਮਾਂ ਦੇ ਅਦਾਕਾਰ ਮਲਕੀਤ ਰੌਣੀ ਨੇ ਕਿਹਾ ਕਿ ਅਜੌਕੇ ਸਾਹ-ਘੁੱਟਵੇਂ ਮਾਹੌਲ ਵਿਚ ਇਪਟਾ ਦੀ ਪ੍ਰਸੰਗਤਾ ਹੋਰ ਵੀ ਵੱਧ ਜਾਂਦੀ ਹੈ। ਲੋਕ-ਗਾਇਕਾ ਸੁੱਖੀ ਬਰਾੜ ਨੇ ਕਿਹਾ ਕਿ ਇਪਟਾ ਲੰਮੇ ਸਮੇਂ ਤੋਂ ਲਚਰਤਾ, ਅਸ਼ਲੀਲਤਾ, ਹਥਿਆਰਾਂ ਤੇ ਨਸ਼ਿਆਂ ਨੂੰ ਉਤਸ਼ਾਹਿਤ ਕਰਦੀ ਗਾਇਕੀ ਦਾ ਵਿਰੋਧ ਕਰਦੀ ਆ ਰਹੀ ਹੈ।