ਹਰਜੀਤ ਸਿੰਘ
ਜ਼ੀਰਕਪੁਰ, 8 ਜੁਲਾਈ
ਹਵਾਈ ਅੱਡੇ ਦੀ ਆਵਾਜਾਈ ਲਈ ਉਸਾਰੀ 200 ਫੁੱਟੀ ਐਰੋ ਸਿਟੀ ਰੋਡ ਦਾ ਨਾਂ ਸੁਣਦੇ ਹੀ ਵਾਹਨ ਚਾਲਕਾਂ ਨੂੰ ਮਹਿਸੂਸ ਹੁੰਦਾ ਹੈ ਕਿ ਉਹ ਕਿਸੇ ਕੌਮਾਂਤਰੀ ਪੱਧਰ ਦੀ ਸੜਕ ’ਤੇ ਸਫਰ ਕਰਨ ਜਾ ਰਹੇ ਹਨ। ਉਨ੍ਹਾਂ ਦਾ ਇਹ ਭੁਲੇਖਾ ਇਸ ਰੋਡ ’ਤੇ ਪਹੁੰਚਣ ’ਤੇ ਉਸ ਵੇਲੇ ਉੱਤਰ ਜਾਂਦਾ ਹੈ ਜਦੋਂ ਉਹ ਇਸ ਦੀ ਹਾਲਤ ਦੇਖਦੇ ਹਨ। ਸੜਕ ਦੀ ਹਾਲਤ ਦੇਖ ਕੇ ਇੰਜ ਜਾਪਦਾ ਹੈ ਕਿ ਇਹ ਐਰੋ ਸਿਟੀ ਨਹੀਂ ਸਗੋਂ ਕਿਸੇ ਪਛੜੇ ਹੋਏ ਪਿੰਡ ਨੂੰ ਜਾਣ ਵਾਲੀ ਲਿੰਕ ਸੜਕ ਹੈ।
ਲੰਘੇ ਦਿਨੀਂ ਪਏ ਮੀਂਹ ਨੇ ਇਸ ਦੀ ਹਾਲਤ ਹੋਰ ਵਿਗਾੜ ਦਿੱਤੀ ਹੈ। ਸੜਕ ’ਤੇ ਵੱਡੇ ਵੱਡੇ ਡੂੰਘੇ ਟੋਏ ਪੈ ਚੁੱਕੇ ਹਨ ਜਿਸ ਕਾਰਨ ਰੋਜ਼ਾਨਾ ਹਾਦਸੇ ਵਾਪਰ ਰਹੇ ਹਨ। ਚੰਡੀਗੜ੍ਹ ਹੱਦ ਦੇ ਨੇੜੇ ਉਸਾਰੇ ਜਾ ਰਹੇ ਓਵਰਪਾਸ ਦੀ ਉਸਾਰੀ ਕਾਰਨ ਇਸ ਸੜਕ ’ਤੇ ਅੱਜ-ਕੱਲ੍ਹ ਆਵਾਜਾਈ ਦਾ ਲੋਡ ਬਹੁਤ ਵਧ ਗਿਆ ਹੈ।
ਜਾਣਕਾਰੀ ਅਨੁਸਾਰ ਚੰਡੀਗੜ੍ਹ-ਅੰਬਾਲਾ ਕੌਮੀ ਸ਼ਾਹਰਾਹ ’ਤੇ ਸਥਿਤ ਜ਼ੀਰਕਪੁਰ ਮੈਕਡੌਨਲਡ ਚੌਕ ਤੋਂ ਮੁਹਾਲੀ ਤੋਂ ਹੁੰਦੇ ਹੋਏ ਖਰੜ ਨਾਲ ਜੋੜਨ ਵਾਲੀ 200 ਫੁੱਟੀ ਐਰੋ ਸਿਟੀ ਰੋਡ ਮੁਹਾਲੀ ਦੀ ਅਹਿਮ ਸੜਕ ਹੈ। ਇਸ ਸੜਕ ’ਤੇ ਹਵਾਈ ਅੱਡੇ ਨੂੰ ਆਉਣ-ਜਾਣ ਵਾਲੇ ਯਾਤਰੀਆਂ ਤੋਂ ਇਲਾਵਾ ਚੰਡੀਗੜ੍ਹ ਅੰਬਾਲਾ ਕੌਮੀ ਸ਼ਾਹ-ਰਾਹ ਨੂੰ ਪੰਜਾਬ ਨਾਲ ਜੋੜਨ ਦਾ ਕੰਮ ਕਰਦੀ ਹੈ। ਸੜਕ ’ਤੇ ਹਰ ਵੇਲੇ ਭਾਰੀ ਆਵਾਜਾਈ ਰਹਿੰਦੀ ਹੈ। ਸੜਕ ਦੀ ਲੰਮੇ ਸਮੇ ਤੋਂ ਮੁਰੰਮਤ ਨਾ ਹੋਣ ਕਾਰਨ ਇਥੋਂ ਲੰਘਣ ਵਾਲੇ ਰਾਹਗੀਰਾਂ ਨੂੰ ਭਾਰੀ ਦਿੱਕਤ ਝਲਣੀ ਪੈਂਦੀ ਹੈ। ਟੋਏ ਐਨੇ ਖ਼ਤਰਨਾਕ ਬਣ ਗਏ ਹਨ ਕਿ ਵਾਹਨ ਚਾਲਕ ਦੀ ਮਾੜੀ ਜਿਹੀ ਅਣਗਹਿਲੀ ਉਸ ਦੀ ਜਾਨ ਦਾ ਖੌਅ ਬਣ ਸਕਦੀ ਹੈ। ਬਹੁਤੀ ਵਾਰੀ ਤਾਂ ਟੋਇਆਂ ਤੋਂ ਬਚਦਿਆਂ ਹੀ ਵਾਹਨ ਇਕ ਦੂਜੀ ਨਾਲ ਖਹਿ ਜਾਂਦੇ ਹਨ।
ਇਸ ਸਬੰਧੀ ਗੱਲ ਕਰਨ ’ਤੇ ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਕਿਹਾ ਕਿ ਸੜਕ ਦੀ ਹਾਲਤ ਸੁਧਾਰਨ ਸਬੰਧੀ ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇਸ ਸੜਕ ਦੀ ਮੁਰੰਮਤ ਕਰਨ ਤੋਂ ਇਲਾਵਾ ਛੇਤੀ ਇਸ ਸੜਕ ਨੂੰ ਪੰਚਕੂਲਾ ਤੱਕ ਜੋੜ ਦਿੱਤਾ ਜਾਏਗਾ।
ਗਮਾਡਾ ਨੇ 200 ਫੁੱਟੀ ਸੜਕ ਦੇ ਨਾਮ ’ਤੇ ਲੋਕਾਂ ਨੂੰ ਦਿਖਾਏ ਵੱਡੇ-ਵੱਡੇ ਸਬਜ਼ਬਾਗ
ਗਮਾਡਾ ਵੱਲੋਂ ਸ਼ਹਿਰ ਵਾਸੀਆਂ ਲਈ 200 ਫੁੱਟੀ ਐਰੋ ਸਿਟੀ ਰੋਡ ਵਿਕਸਤ ਕੀਤੀ ਗਈ ਸੀ। ਉਸ ਵੇਲੇ ਸੜਕ ਨੂੰ ਲਿਸ਼ਕਾ ਕੇ ਅਤੇ ਇਸ ਖੇਤਰ ’ਚ ਕੌਮਾਂਤਰੀ ਪੱਧਰ ਦੀਆਂ ਸਹੂਲਤਾਂ ਦੇ ਸਬਜ਼ਬਾਗ ਦਿਖਾ ਕੇ ਵੱਡੇ ਪੱਧਰ ’ਤੇ ਪ੍ਰਚਾਰ ਕੀਤਾ ਗਿਆ ਸੀ। ਇਸ ਦਾ ਲਾਹਾ ਲੈਣ ਲਈ ਗਮਾਡਾ ਵੱਲੋਂ ਇਸ ਦੇ ਨਾਲ ਐਰੋ ਸਿਟੀ ਨਾਂ ਹੇਠ ਹਜ਼ਾਰਾਂ ਰਿਹਾਇਸ਼ੀ ਅਤੇ ਕਮਰਸ਼ੀਅਲ ਪਲਾਟ ਵੇਚ ਕੇ ਅਰਬਾਂ ਰੁਪਏ ਕਮਾਏ ਗਏ ਪਰ ਜਿਸ ਸੜਕ ਨੂੰ ਦਿਖਾ ਕੇ ਅਰਬਾਂਂ ਰੁਪਏ ਕਮਾਏ ਗਏ ਹੁਣ ਉਸੇ ਸੜਕ ਦੀ ਪੁੱਛ ਪ੍ਰਤੀਤ ਨਹੀਂ ਹੋ ਰਹੀ। ਹੁਣ ਜਦ ਇਸ ਸੜਕ ਦੇ ਆਲੇ ਦੁਆਲੇ ਵਸਾਈ ਐਰੋ ਸਿਟੀ ਵਿੱਚ ਲੋਕ ਰਹਿਣ ਲੱਗ ਪਏ ਹਨ ਤਾਂ ਸੜਕ ਅਤੇ ਇਸ ਦੇ ਨੇੜਲੇ ਖੇਤਰ ਵਿੱਚ ਲੋਕਾਂ ਨੂੰ ਕੋਈ ਸਹੂਲਤਾਂ ਨਹੀਂ ਮਿਲ ਰਹੀਆਂ ਜਿਸ ਤੋਂ ਲੋਕਾਂ ਨੂੰ ਉੱਚੀ ਦੁਕਾਨ ਫਿੱਕਾ ਪਕਵਾਨ ਵਾਲੀ ਕਹਾਵਤ ਸੱਚ ਹੁੰਦੀ ਦਿਖਾਈ ਦੇ ਰਹੀ ਹੈ। ਇਸ ਇਲਾਕੇ ’ਚ ਕਰੋੜਾਂ ਰੁਪਏ ਖਰਚਣ ਵਾਲੇ ਲੋਕ ਹੀ ਇਸ ਸੜਕ ’ਤੇ ਹਾਦਸਿਆਂ ਦਾ ਸ਼ਿਕਾਰ ਹੋ ਰਹੇ ਹਨ ਕਿਉਂਕਿ ਉਹ ਹੀ ਇਸ ਦੀ ਸਭ ਤੋਂ ਵਧ ਵਰਤੋਂ ਕਰਦੇ ਹਨ। ਇਥੇ ਹੀ ਬੱਸ ਨਹੀਂ 200 ਫੁੱਟੀ ਅਤੇ ਅੰਤਰਰਾਸ਼ਟਰੀ ਪੱਧਰ ਦੀ ਸੜਕ ਦੇ ਨਾਂ ’ਤੇ ਗਮਾਡਾ ਵੱਲੋਂ ਇਸ ਖੇਤਰ ਵਿੱਚ ਹੋਰ ਵੀ ਪਲਾਟ ਕੱਟੇ ਜਾ ਰਹੇ ਹਨ।