ਰਾਮ ਸਰਨ ਸੂਦ
ਅਮਲੋਹ, 2 ਜੁਲਾਈ
ਥਾਣਾ ਅਮਲੋਹ ਦੇ ਪਿੰਡ ਸੌਂਟੀ ਤੋਂ ਇਕ ਨਬਾਲਗ ਲੜਕੀ ਨੂੰ ਜਬਰੀ ਕਾਰ ਵਿਚ ਬਿਠਾ ਕੇ ਲਿਜਾ ਰਹੇ ਨੌਜਵਾਨਾਂ ਨੂੰ ਅਮਲੋਹ-ਮੰਡੀ ਗੋਬਿੰਦਗੜ੍ਹ ਮੁੱਖ ਮਾਰਗ ਉਪਰ ਲੋਕਾਂ ਨੇ ਘੇਰ ਲਿਆ ਅਤੇ ਲੜਕੀ ਨੂੰ ਉਨ੍ਹਾਂ ਦੀ ਚੁੰਗਲ ਵਿਚੋਂ ਬਚਾ ਲਿਆ। ਗੁੱਸੇ ਵਿਚ ਆਏ ਲੋਕਾਂ ਨੇ ਨੌਜਵਾਨਾਂ ਦੀ ਕੁੱਟਮਾਰ ਕੀਤੀ ਅਤੇ ਕਾਰ ਦੀ ਵੀ ਭੰਨ-ਤੋੜ ਕੀਤੀ। ਪ੍ਰਾਪਤ ਸੂਚਨਾ ਅਨੁਸਾਰ ਜਦੋਂ ਪਿੰਡ ਸੌਂਟੀ ਦੇ ਹੀ ਕੁਝ ਲੋਕਾਂ ਨੂੰ ਪਤਾ ਚਲਿਆ ਕਿ ਕੁਝ ਨੌਜਵਾਨ ਪਿੰਡ ਦੀ ਇਕ ਨਾਬਾਲਗ ਲੜਕੀ ਨੂੰ ਕਾਰ ਵਿੱਚ ਬਿਠਾ ਕੇ ਲਿਜਾ ਰਹੇ ਹਨ ਤਾਂ ਉਨ੍ਹਾਂ ਕਾਰ ਦਾ ਪਿੱਛਾ ਕਰ ਕੇ ਘੇਰ ਲਿਆ। ਲੋਕਾਂ ਨੇ ਦੱਸਿਆ ਕਿ ਨੌਜਵਾਨਾਂ ਵਲੋਂ ਸਹੀ ਜਵਾਬ ਨਾ ਦੇਣ ਕਾਰਨ ਲੋਕਾਂ ਵਿਚ ਗੁੱਸਾ ਪੈਦਾ ਹੋ ਗਿਆ ਅਤੇ ਉਨ੍ਹਾਂ ਵਲੋਂ ਕੁੱਟਮਾਰ ਕੀਤੀ ਗਈ। ਥਾਨਾ ਅਮਲੋਹ ਦੇ ਮੁਖੀ ਇੰਸਪੈਕਟਰ ਮਨਪ੍ਰੀਤ ਸਿੰਘ ਦਿਓਲ ਨੇ ਸੰਪਰਕ ਕਰਨ ’ਤੇ ਦੱਸਿਆ ਕਿ ਇਸ ਮਾਮਲੇ ਸਬੰਧੀ ਦੋਵਾਂ ਧਿਰਾਂ ਨੂੰ ਥਾਣੇ ਬੁਲਾਇਆ ਹੈ ਅਤੇ ਸ਼ਿਕਾਇਤ ਦੀ ਜਾਂਚ ਉਪਰੰਤ ਬਣਦੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।