ਸ਼ਸ਼ੀਪਾਲ ਜੈਨ
ਖਰੜ, 3 ਸਤੰਬਰ
ਇਥੋਂ ਦੀ ਸਦਰ ਪੁਲੀਸ ਨੇ ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਨਾਲ ਦਾਖਲਿਆਂ ਸਬੰਧੀ ਹੋਈ ਧੋਖਾਧੜੀ ਦੇ ਸਬੰਧ ਵਿਚ ਸੰਜੇ ਮੀਨਾ ਨਾਂ ਦੇ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਖਰੜ ਸਦਰ ਥਾਣੇ ਦੇ ਐੱਸਐੱਚਓ ਇੰਸਪੈਕਟਰ ਅਜੀਤਪਾਲ ਸਿੰਘ ਨੇ ਦੱਸਿਆ ਕਿ ਅੱਜ ਇਸ ਮੁਲਜ਼ਮ ਨੂੰ ਖਰੜ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ ਜਿਥੋਂ ਉਸ ਨੂੰ ਤਿੰਨ ਦਿਨਾਂ ਦੇ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ ਗਿਆ।
ਜ਼ਿਕਰਯੋਗ ਹੈ ਕਿ ਚੰਡੀਗੜ੍ਹ ਯੂਨੀਵਰਸਿਟੀ ਦੇ ਅਧਿਕਾਰਤ ਵਿਅਕਤੀ ਸੁਰਿੰਦਰ ਸਿੰਘ ਦਿਓਲ ਦੀ ਸ਼ਿਕਾਇਤ ’ਤੇ ਖਰੜ ਸਦਰ ਪੁਲੀਸ ਨੇ ਸੰਜੇ ਮੀਨਾ, ਰਜਤ ਗੋਇਲ, ਮਨੀਸ਼ ਕੁਮਾਰ ਅਤੇ ਕਾਲੇਜ ਦੁਨੀਆ ਵਿਰੁੱਧ ਕੇਸ ਦਰਜ ਕੀਤਾ ਸੀ। ਇਸ ਕੇਸ ਦੇ ਬਾਕੀ ਮੁਲਜ਼ਮਾਂ ਨੂੰ ਅਜੇ ਗਿ੍ਫਤਾਰ ਕੀਤਾ ਜਾਣਾ ਹੈ। ਪੁਲੀਸ ਨੂੰ ਕੀਤੀ ਸ਼ਿਕਾਇਤ ਅਨੁਸਾਰ ਦੂਜੀ ਧਿਰ ਵਲੋਂ 7 ਹਜ਼ਾਰ ਨਵੇਂ ਦਾਖ਼ਲੇ ਉਪਲਬਧ ਕਰਵਾਏ ਜਾਣੇ ਸੀ। ਇਸ ਲਈ ਉਨ੍ਹਾਂ ਨੇ 9600 ਰੁਪਏ ਪ੍ਰਤੀ ਦਾਖ਼ਲਾ ਲੈਣਾ ਸੀ ਪਰ ਇਹ ਰਕਮ 6.72 ਕਰੋੜ ਰੁਪਏ ਬਣਦੀ ਸੀ। ਦੂਜੀ ਧਿਰ ਨੇ ਯੂਨੀਵਰਸਿਟੀ ਤੋਂ ਐਡਵਾਂਸ ਮੰਗਿਆ ਅਤੇ ਯੂਨੀਵਰਸਿਟੀ ਨੇ ਉਨ੍ਹਾਂ ਨੂੰ 2.68 ਕਰੋੜ ਰੁਪਏ ਐਡਵਾਂਸ ਦੇ ਦਿੱਤੇ।
ਪੁਲੀਸ ਅਨੁਸਾਰ ਬਾਅਦ ਵਿਚ ਦਾਖ਼ਲਿਆਂ ਦਾ ਟੀਚਾ 7 ਹਜ਼ਾਰ ਤੋਂ ਘਟਾ ਕੇ 2500 ਕਰ ਦਿੱਤਾ ਗਿਆ। ਇਸ ’ਤੇ ਯੂਨੀਵਰਸਿਟੀ ਵਲੋਂ ਪਹਿਲਾਂ ਦਿੱਤੀ ਰਕਮ ਵਿਚੋਂ ਹੁਣ ਨਵੇਂ ਟੀਚੇ ਅਨੁਸਾਰ ਫਾਲਤੂ ਦਿੱਤੀ ਗਈ ਰਕਮ 1 ਕਰੋੜ 72 ਲੱਖ 80 ਹਜ਼ਾਰ ਰੁਪਏ ਦੀ ਮੰਗ ਕੀਤੀ ਗਈ। ਦੂਜੀ ਧਿਰ ਵਲੋਂ ਇਸ ਅਦਾਇਗੀ ਵਿਚ ਦੇਰੀ ਕੀਤੀ ਗਈ ਅਤੇ ਜਦੋਂ ਯੂਨੀਵਰਸਿਟੀ ਵਲੋਂ ਜ਼ਿਆਦਾ ਜ਼ੋਰ ਦਿੱਤਾ ਗਿਆ ਤਾਂ ਦੂਸਰੀ ਧਿਰ ਵਲੋਂ ਮਈ 2021 ਵਿਚ ਨਵੇਂ ਦਾਖਲਿਆਂ ਸਬੰਧੀ ਮੁਹਿੰਮ ਰੋਕ ਦਿੱਤੀ ਗਈ। ਉਨ੍ਹਾਂ ਲਿਖਿਆ ਹੈ ਕਿ ਸ਼ਿਕਾਇਤ ਦੇਣ ਤੱਕ ਦੂਜੀ ਧਿਰ ਵਲੋਂ ਸਿਰਫ 440 ਨਵੇਂ ਦਾਖਲੇ ਕਰਵਾਏ ਗਏ ਹਨ ਅਤੇ ਯੂਨੀਵਰਸਿਟੀ ਉਨ੍ਹਾਂ ਨੂੰ 42 ਲੱਖ 24 ਹਜ਼ਾਰ ਰੁਪਏ ਹੀ ਦੇਣ ਲਈ ਪਾਬੰਦ ਸੀ। ਉਨ੍ਹਾਂ ਦੋਸ਼ ਲਗਾਇਆ ਕਿ ਦੂਜੀ ਧਿਰ ਵਲੋਂ ਯੂਨੀਵਰਸਿਟੀ ਨੂੰ 2 ਕਰੋੜ 26 ਲੱਖ 56 ਹਜ਼ਾਰ ਰੁਪਏ ਦੀ ਅਦਾਇਗੀ ਨਹੀਂ ਕੀਤੀ ਜਾ ਰਹੀ।