ਮੁਕੇਸ਼ ਕੁਮਾਰ
ਚੰਡੀਗੜ੍ਹ, 7 ਅਕਤੂਬਰ
ਚੰਡੀਗੜ੍ਹ ਪੁਲੀਸ ਦੇ ਸਾਈਬਰ ਸੈੱਲ ਨੇ ਵਿਦੇਸ਼ ਵਿੱਚ ਰਹਿੰਦੇ ਬੱਚੇ ਦੇ ਮਾਪਿਆਂ ਨੂੰ ਗੁਮਰਾਹ ਕਰ ਕੇ ਠੱਗੀ ਮਾਰਨ ਦੇ ਦੋਸ਼ ਹੇਠ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਅਭਿਸ਼ੇਕ ਚੌਹਾਨ ਅਤੇ ਰਵੀ ਕਾਂਤ, ਦੋਵੇਸ ਵਾਸੀ ਜ਼ਿਲ੍ਹਾ ਬਿਜਨੌਰ ਉੱਤਰ ਪ੍ਰਦੇਸ਼ ਵਜੋਂ ਹੋਈ ਹੈ।
ਪੁਲੀਸ ਨੇ ਦੱਸਿਆ ਕਿ ਥਾਣਾ ਸਾਈਬਰ ਕ੍ਰਾਈਮ ਨੂੰ ਵਟਸਐਪ ਕਾਲ ਰਾਹੀਂ ਠੱਗੀ ਵੱਜਣ ਦੀ ਸ਼ਿਕਾਇਤ ਮਿਲੀ ਸੀ ਜਿਸ ਵਿੱਚ ਵਟਸਐਪ ਕਾਲ ਕਰਨ ਵਾਲੇ ਠੱਗਾਂ ਨੇ ਆਪਣੇ ਆਪ ਨੂੰ ਆਸਟ੍ਰੇਲੀਆ ਤੋਂ ਕਾਲ ਕਰਨ ਵਾਲੇ ਪੀੜਤ ਦੇ ਪੋਤੇ ਵਜੋਂ ਪੇਸ਼ ਕੀਤਾ ਅਤੇ ਉਸ ਦੇ ਇੱਥੇ ਰਹਿ ਰਹੇ ਘਰ ਵਾਲਿਆਂ ਨੂੰ ਦੱਸਿਆ ਕਿ ਉਹ ਦੋਸਤਾਂ ਨਾਲ ਕਲੱਬ ਵਿੱਚ ਆਇਆ ਸੀ, ਜਿੱਥੇ ਉਨ੍ਹਾਂ ਦੀ ਲੜਾਈ ਹੋ ਗਈ। ਇਸ ਦੌਰਾਨ ਇੱਕ ਵੇਟਰ ਜ਼ਖਮੀ ਹੋ ਗਿਆ ਜੋ ਹਸਪਤਾਲ ’ਚ ਦਾਖਲ ਹੈ। ਇਸ ਤੋਂ ਬਾਅਦ ਉਨ੍ਹਾਂ ਨੂੰ ਪੁਲੀਸ ਨੇ ਗ੍ਰਿਫ਼ਤਾਰ ਕਰ ਲਿਆ। ਇਸੇ ਦੌਰਾਨ ਪੋਤੇ ਦੀ ਨਕਲ ਕਰਨ ਵਾਲੇ ਨੇ ਰੋਣ ਦੀ ਐਕਟਿੰਗ ਕੀਤੀ। ਇਸ ਤੋਂ ਬਾਅਦ ਦਿੱਲੀ ਤੋਂ ਆਪਣੇ ਪੋਤੇ ਦੇ ਨਕਲੀ ਵਕੀਲ ਬਣੇ ਵਿਅਕਤੀ ਨੂੰ ਫ਼ੋਨ ਦੇ ਦਿੱਤਾ। ਵਕੀਲ ਨੇ ਫੋਨ ’ਤੇ ਉਨ੍ਹਾਂ ਨੂੰ ਦੱਸਿਆ ਕਿ ਉਸ ਦੇ ਪੋਤੇ ਅਤੇ ਉਸ ਦੇ ਦੋਸਤਾਂ ਖ਼ਿਲਾਫ਼ ਇੱਥੇ ਆਸਟ੍ਰੇਲੀਆ ਵਿੱਚ ਐੱਫਆਈਆਰ ਦਰਜ ਕੀਤੀ ਗਈ ਹੈ ਅਤੇ ਆਸਟ੍ਰੇਲੀਅਨ ਪੁਲੀਸ ਨੇ 6000 ਆਸਟ੍ਰੇਲੀਅਨ ਡਾਲਰ ਦਾ ਜੁਰਮਾਨਾ ਕੀਤਾ ਹੈ। ਉਨ੍ਹਾਂ ਧੋਖੇ ਨਾਲ ਜੁਰਮਾਨੇ ਦੇ ਤੌਰ ’ਤੇ 50-60 ਹਜ਼ਾਰ ਜਮ੍ਹਾਂ ਕਰਵਾ ਲਏ।
ਪੁਲੀਸ ਨੇ ਤਫ਼ਤੀਸ਼ ਦੌਰਾਨ ਉੱਤਰ ਪ੍ਰਦੇਸ਼ ਦੇ ਧਾਮਪੁਰ ਜ਼ਿਲ੍ਹਾ ਬਿਜਨੌਰ ਵਿੱਚ ਛਾਪਾ ਮਾਰ ਕੇ ਮੁਲਜ਼ਮ ਰਵੀ ਕਾਂਤ ਨੂੰ ਗ੍ਰਿਫਤਾਰ ਕੀਤਾ। ਮੁਲਜ਼ਮ ਤੋਂ ਕੀਤੀ ਗਈ ਮੁਢਲੀ ਪੁੱਛਗਿੱਛ ਦੇ ਆਧਾਰ ’ਤੇ ਉਸ ਦੇ ਦੂਸਰੇ ਸਾਥੀ ਅਭਿਸ਼ੇਕ ਚੌਹਾਨ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ। ਦੋਵਾਂ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਇਥੋਂ ਉਨ੍ਹਾਂ ਨੂੰ ਜੁਡੀਸ਼ੀਅਲ ਕਸਟੱਡੀ ਵਿੱਚ ਭੇਜ ਦਿੱਤਾ ਗਿਆ ਹੈ। ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ।