ਖੇਤਰੀ ਪ੍ਰਤੀਨਿਧ
ਚੰਡੀਗੜ੍ਹ, 30 ਅਕਤੂਬਰ
ਇਥੇ ਸੈਕਟਰ-22 ਵਿੱਚ 70 ਸਾਲਾਂ ਦੇ ਬਜ਼ੁਰਗ ਨੇ ਵੀਰਵਾਰ ਨੂੰ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ ਸੀ। ਪੁਲੀਸ ਨੇ ਇਸ ਮਾਮਲੇ ਵਿੱਚ ਊਸ ਦੀ ਨੂੰਹ ਅਤੇ ਪੋਤਰੇ ਨੂੰ ਗ੍ਰਿਫ਼ਤਾਰ ਕੀਤਾ ਹੈ। ਮਿਲੀ ਜਾਣਕਾਰੀ ਅਨੁਸਾਰ ਲੰਘੇ ਦਿਨ ਵੀਰਵਾਰ ਨੂੰ ਸੈਕਟਰ-22 ਵਾਸੀ ਬਜ਼ੁਰਗ ਦੇਸ ਰਾਜ ਨੇ ਫਾਹਾ ਲੈਕੇ ਆਤਮਹੱਤਿਆ ਕਰ ਲਈ ਸੀ। ਬਜ਼ੁਰਗ ਦੀ ਨੂੰਹ ਅਤੇ ਪੋਤਾ ਉਸ ਨੂੰ ਹਸਪਤਾਲ ਲੈ ਕੇ ਗਏ ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਸੀ। ਇਸ ਤੋਂ ਬਾਅਦ ਨੂੰਹ ਸੀਮਾ ਅਤੇ ਪੋਤਾ ਰਿਸ਼ੀ ਬਜ਼ੁਰਗ ਦੀ ਮ੍ਰਿਤਕ ਦੇਹ ਨੂੰ ਘਰ ਲੈ ਆਏ। ਆਪਣੇ ਪਿਤਾ ਦੀ ਮੌਤ ਬਾਰੇ ਖ਼ਬਰ ਮਿਲਣ ’ਤੇ ਦਿੱਲੀ ਤੋਂ ਇਥੇ ਪਹੁੰਚੀ ਧੀ ਨੇ ਆਪਣੇ ਪਿਤਾ ਦੀ ਹੱਤਿਆ ਹੋਣ ਦਾ ਖਦਸ਼ਾ ਜ਼ਾਹਿਰ ਕੀਤਾ। ਮਾਮਲੇ ਬਾਰੇ ਸੂਚਨਾ ਮਿਲਣ ’ਤੇ ਸੈਕਟਰ-17 ਥਾਣੇ ਦੇ ਐੱਸਐਚਓ ਰਾਮ ਰਤਨ ਸ਼ਰਮਾ ਮੌਕੇ ’ਤੇ ਪਹੁੰਚੇ ਅਤੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ। ਪੁਲੀਸ ਨੂੰ ਮ੍ਰਿਤਕ ਬਜ਼ੁਰਗ ਦੇ ਕਪੜਿਆਂ ਵਿਚੋਂ ਚਿੱਠੀ ਮਿਲੀ ਜਿਸ ਵਿੱਚ ਊਸ ਨੇ ਨੂੰਹ ਅਤੇ ਪੋਤੇ ਨੂੰ ਆਤਮਹੱਤਿਆ ਕਰਨ ਲਈ ਮਜ਼ਬੂਰ ਕਰਨ ਦਾ ਦੋਸ਼ ਲਗਾਇਆ ਹੋਇਆ ਸੀ। ਸੈਕਟਰ-17 ਪੁਲੀਸ ਨੇ ਸੁਸਾਈਡ ਨੋਟ ਦੇ ਆਧਾਰ ’ਤੇ ਕਾਰਵਾਈ ਕਰਦੇ ਹੋਏ ਬਜ਼ੁਰਗ ਦੀ ਨੂੰਹ ਸੀਮਾ ਅਤੇ ਪੋਤੇ ਰਿਸ਼ੀ ਦੇ ਖ਼ਿਲਾਫ਼ ਆਤਮਹੱਤਿਆ ਲਈ ਮਜਬੂਰ ਕਰਨ ਦਾ ਮਾਮਲਾ ਦਰਜ ਕਰਕੇ ਦੋਵੇ ਜਣਿਆਂ ਨੂੰ ਗ੍ਰਿਫਤਾਰ ਕਰ ਲਿਆ ਹੈ। ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।