ਆਤਿਸ਼ ਗੁਪਤਾ
ਚੰਡੀਗੜ੍ਹ, 27 ਅਪਰੈਲ
ਸਿਟੀ ਬਿਊਟੀਫੁੱਲ ਵਿੱਚ ਕਰੋਨਾ ਮਰੀਜ਼ਾਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ ਜੋ ਕਿ ਚਿੰਤਾ ਦਾ ਵਿਸ਼ਾ ਹੈ। ਪੀਜੀਆਈ, ਸੈਕਟਰ-32 ਅਤੇ 16 ਦੇ ਹਸਪਤਾਲ ਵਿੱਚ ਕਰੋਨਾ ਮਰੀਜ਼ਾਂ ਲਈ ਬੈੱਡ, ਆਕਸੀਜਨ ਅਤੇ ਦਵਾਈ ਦੀ ਕੋਈ ਘਾਟ ਨਹੀਂ ਹੈ। ਇਸ ਗੱਲ ਦਾ ਪ੍ਰਗਟਾਵਾ ਪੰਜਾਬ ਦੇ ਰਾਜਪਾਲ ਅਤੇ ਯੂਟੀ ਦੇ ਪ੍ਰਸ਼ਾਸਕ ਸ੍ਰੀ ਵੀ.ਪੀ. ਸਿੰਘ ਬਦਨੌਰ ਨੇ ਸਿਆਸੀ ਪਾਰਟੀਆਂ ਦੇ ਆਗੂਆਂ ਨਾਲ ਕੀਤੀ ਸਮੀਖਿਆ ਮੀਟਿੰਗ ਬਾਅਦ ਪਤੱਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਦੱਸਿਆ ਕਿ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਅੰਤਰ-ਰਾਸ਼ਟਰੀ ਹੋਸਟਲ ਵਿੱਚ ਸੈਨਾ ਵੱਲੋਂ 100 ਬੈੱਡਾਂ ਦਾ ਹਸਪਤਾਲ ਬਣਾਇਆ ਜਾਵੇਗਾ ਜਿਸ ਦੀ ਦੇਖਭਾਲ ਵੀ ਪੱਛਮੀ ਕਮਾਨ ਦੇ ਮੁਲਾਜ਼ਮ ਕਰਨਗੇ।
ਸ੍ਰੀ ਬਦਨੌਰ ਨੇ ਕਿਹਾ ਕਿ ਸ਼ਹਿਰ ਵਿੱਚ ਕਰੋਨਾਵਾਇਰਸ ਦੇ ਕੇਸਾਂ ’ਤੇ ਨੱਥ ਪਾਉਣ ਲਈ ਰਾਜਨੀਤਕ ਪਾਰਟੀਆਂ, ਸਮਾਜਿਕ ਜਥੇਬੰਦੀਆਂ ਅਤੇ ਹੋਰਨਾਂ ਸੰਸਥਾਵਾਂ ਨੂੰ ਨਾਲ ਲੈ ਕੇ ਚੱਲਿਆ ਜਾਵੇਗਾ। ਸ਼ਹਿਰ ਵਾਸੀਆਂ ਦਾ ਵੱਡੇ ਪੱਧਰ ’ਤੇ ਟੀਕਾਕਰਨ ਕੀਤਾ ਜਾਵੇਗਾ। ਪ੍ਰਸ਼ਾਸਕ ਨੇ ਲੋਕਾਂ ਨੂੰ ਕਰੋਨਾ ਦੇ ਲੱਛਣ ਦਿਖਣ ’ਤੇ ਤੁਰੰਤ ਟੈਸਟ ਕਰਵਾਉਣ ਲਈ ਪ੍ਰੇਰਿਆ। ਮੀਟਿੰਗ ਵਿੱਚ ਸ਼ਹਿਰ ਦੀਆਂ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂਆਂ ਨੇ ਹਿੱਸਾ ਲਿਆ। ਮੇਅਰ ਰਵੀਕਾਂਤ ਸ਼ਰਮਾ ਅਤੇ ਸਾਬਕਾ ਸੰਸਦ ਮੈਂਬਰ ਸਤਪਾਲ ਜੈਨ ਨੇ ਸ਼ਹਿਰ ਵਿੱਚ ਲੌਕਡਾਉਨ ਲਗਾਉਣ ਦੀ ਮੰਗ ਕੀਤੀ। ਭਾਜਪਾ ਪ੍ਰਧਾਨ ਅਰੁਣ ਸੂਦ ਅਤੇ ਕਾਂਗਰਸ ਨੇ ਲੌਕਡਾਊਨ ਲਗਾਉਣ ਦਾ ਵਿਰੋਧ ਕੀਤਾ। ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਡੀਡੀ ਜਿੰਦਲ, ਪਵਨ ਸ਼ਰਮਾ ਅਤੇ ਨਗਰ ਨਿਗਮ ਵਿੱਚ ਵਿਰੋਧੀ ਧਿਰ ਦੇ ਆਗੂ ਦਵਿੰਦਰ ਸਿੰਘ ਬਬਲਾ ਨੇ ਕਿਹਾ ਕਿ ਯੂਟੀ ਪ੍ਰਸ਼ਾਸਨ ਲੌਕਡਾਊਨ ਲਗਾਉਣ ਦੀ ਥਾਂ ਸ਼ਹਿਰ ਵਾਸੀਆਂ ਨੂੰ ਵਧੀਆਂ ਸਿਹਤ ਸਹੂਲਤਾਂ ਮੁਹੱਈਆ ਕਰਵਾਏ।
6 ਵਜੇ ਬਾਜ਼ਾਰ ਬੰਦ ਹੋਣ ਦੇ ਆਸਾਰ
ਕਰੋਨਾਵਾਇਰਸ ਦੇ ਪਸਾਰ ਨੂੰ ਰੋਕਣ ਲਈ ਪੰਜਾਬ ਅਤੇ ਹਰਿਆਣਾ ਦੀ ਤਰਜ਼ ’ਤੇ ਚੰਡੀਗੜ੍ਹ ਦੇ ਬਾਜ਼ਾਰਾਂ ਨੂੰ ਵੀ 6 ਵਜੇ ਬੰਦ ਕਰਨ ਦਾ ਫ਼ੈਸਲਾ ਲਿਆ ਜਾ ਸਕਦਾ ਹੈ। ਸੂਤਰਾਂ ਅਨੁਸਾਰ ਯੂਟੀ ਪ੍ਰਸ਼ਾਸਨ ਇਸ ਫ਼ੈਸਲੇ ਸਬੰਧੀ ਵਿਚਾਰ ਕਰ ਰਿਹਾ ਹੈ।