ਆਤਿਸ਼ ਗੁਪਤਾ
ਚੰਡੀਗੜ੍ਹ, 8 ਜੂਨ
ਚੰਡੀਗੜ੍ਹ ਵਿੱਚ ਕਰੋਨਾਵਾਇਰਸ ਦੇ ਕੇਸਾਂ ਦੀ ਗਿਣਤੀ ਘਟਣ ਕਾਰਨ ਯੂਟੀ ਪ੍ਰਸ਼ਾਸਨ ਨੇ ਸ਼ਹਿਰ ਵਾਸੀਆਂ ਨੂੰ ਰਾਹਤ ਦੇ ਦਿੱਤੀ ਹੈ। ਸ਼ਹਿਰ ਵਿਚਲੀ ਦੁਕਾਨਾਂ ਸਵੇਰੇ 10 ਤੋਂ ਸ਼ਾਮ 6 ਵਜੇ ਤੱਕ ਖੁੱਲ੍ਹਣਗੀਆਂ ਜੋ ਪਹਿਲਾਂ ਸਵੇਰੇ 9 ਵਜੇ ਤੋਂ ਸ਼ਾਮ 4 ਵਜੇ ਤੱਕ ਖੁੱਲ੍ਹਦੀਆਂ ਸਨ। ਰੈਸਟੋਰੇਂਟ ਅਤੇ ਬਾਰ ਨੂੰ 50 ਫ਼ੀਸਦ ਸਮਰੱਥਾ ਨਾਲ ਸਵੇਰੇ 10 ਵਜੇ ਤੋਂ ਰਾਤ 9 ਵਜੇ ਤੱਕ ਖੁੱਲ੍ਹਣ ਦੀ ਪ੍ਰਵਾਨਗੀ ਦਿੱਤੀ ਹੈ। ਰਾਤ ਦਾ ਕਰਫਿਊ 10 ਵਜੇ ਤੋਂ ਸਵੇਰੇ 5 ਵਜੇ ਤੱਕ ਜਾਰੀ ਰਹੇਗਾ। ਜੋ ਕਿ ਪਹਿਲਾਂ ਸ਼ਾਮ 6 ਵਜੇ ਤੋਂ ਸਵੇਰੇ 5 ਵਜੇ ਤੱਕ ਸੀ। ਇਸੇ ਤਰ੍ਹਾਂ ਹਫ਼ਤਾਵਾਰੀ ਕਰਫਿਊ ਦੌਰਾਨ ਸਿਰਫ਼ ਐਤਵਾਰ ਨੂੰ ਪਾਬੰਦੀਆਂ ਜਾਰੀ ਰਹਿਣਗੀਆਂ। ਇਹ ਫ਼ੈਸਲਾ ਯੂਟੀ ਦੇ ਪ੍ਰਸ਼ਾਸਕ ਵੀ ਪੀ ਸਿੰਘ ਬਦਨੌਰ ਦੀ ਅਗਵਾਈ ਹੇਠ ਹੋਈ ਮੀਟਿੰਗ ਵਿੱਚ ਲਿਆ ਗਿਆ ਜਿਨ੍ਹਾਂ ਦੱਸਿਆ ਕਿ ਸ਼ਾਪਿੰਗ ਮਾਲ ਸਵੇਰੇ 10 ਤੋਂ ਸ਼ਾਮ 6 ਵਜੇ ਤੱਕ ਖੁੱਲ੍ਹ ਸਕਣਗੇ। ਜਿਮ, ਸਪਾ ਵੀ 50 ਫ਼ੀਸਦ ਸਮਰੱਥਾ ਨਾਲ ਖੋਲ੍ਹੇ ਜਾ ਸਕਦੇ ਹਨ। ਜਦਕਿ ਸਿਨੇਮਾ ਘਰ ਬੰਦ ਰਹਿਣਗੇ। ਪ੍ਰਸ਼ਾਸਨ ਨੇ ਸੁਖਨਾ ਝੀਲ ਨੂੰ ਸਵੇਰੇ 5 ਵਜੇ ਤੋਂ ਰਾਤ 8 ਵਜੇ ਤੱਕ ਖੋਲ੍ਹ ਦਿੱਤਾ ਹੈ। ਇਸ ਤੋਂ ਇਲਾਵਾ ਵਿਆਹ ਸਮਾਗਮ ਅਤੇ ਸਸਕਾਰ ਵਿੱਚ 30 ਜਣੇ ਸ਼ਾਮਲ ਹੋ ਸਕਦੇ ਹਨ।