ਕੁਲਦੀਪ ਸਿੰਘ
ਚੰਡੀਗੜ੍ਹ, 2 ਜੂਨ
ਸ਼੍ਰੋਮਣੀ ਅਕਾਲੀ ਦਲ ਚੰਡੀਗੜ੍ਹ ਦੇ ਪ੍ਰਧਾਨ ਅਤੇ ਨਗਰ ਨਿਗਮ ਦੇ ਵਾਰਡ ਨੰਬਰ 30 ਤੋਂ ਮੌਜੂਦਾ ਕੌਂਸਲਰ ਹਰਦੀਪ ਸਿੰਘ ਬੁਟੇਰਲਾ ਦੇ ਯਤਨਾਂ ਨੂੰ ਉਸ ਸਮੇਂ ਬੂਰ ਪਿਆ ਜਦੋਂ ਉਨ੍ਹਾਂ ਦੇ ਭੇਜੇ ਪੱਤਰਾਂ ਉਪਰੰਤ ਯੂਟੀ ਪ੍ਰਸ਼ਾਸਨ ਨੇ ਸੈਕਟਰ-41 ਦੇ ਕਮਿਊਨਿਟੀ ਸੈਂਟਰ ਨੂੰ ਲਾਈਵ ਸਰਟੀਫਿਕੇਟ ਲਈ ਅਪਲਾਈ ਕਰਨ ਲਈ ਸੈਂਟਰ ਵਜੋਂ ਮਨਜ਼ੂਰੀ ਦੇ ਦਿੱਤੀ ਗਈ।
ਕੌਂਸਲਰ ਹਰਦੀਪ ਸਿੰਘ ਬੁਟੇਰਲਾ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਚੰਡੀਗੜ੍ਹ ਦੇ ਸਮਾਜ ਕਲਿਆਣ ਵਿਭਾਗ ਵੱਲੋਂ ਲਾਈਵ ਸਰਟੀਫਿਕੇਟ ਲੈਣ ਲਈ ਅਪਲਾਈ ਕਰਨ ਵਾਸਤੇ ਸ਼ਹਿਰ ਵਿੱਚ ਸੈਕਟਰ 23, ਸੈਕਟਰ 46, ਸੈਕਟਰ 15, ਸੈਕਟਰ 43, ਧਨਾਸ, ਮਨੀਮਾਜਰਾ, ਦੜੂਆ ਅਤੇ ਸੈਕਟਰ 17-ਸੀ ਵਿੱਚ ਹੀ ਸੈਂਟਰ ਸਥਾਪਿਤ ਕੀਤੇ ਗਏ ਸਨ ਜਿਸ ਕਰਕੇ ਉਨ੍ਹਾਂ ਦੇ ਵਾਰਡ ਨੰਬਰ 30 ਵਿੱਚ ਰਹਿਣ ਵਾਲੇ ਸਮਾਜ ਕਲਿਆਣ ਵਿਭਾਗ ਦੀਆਂ ਪੈਨਸ਼ਨਾਂ ਦੇ ਲਾਭਪਾਤਰੀਆਂ ਨੂੰ ਕਾਫ਼ੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਸੀ।