ਨਿੱਜੀ ਪੱਤਰ ਪ੍ਰੇਰਕ
ਡੇਰਾਬੱਸੀ, 26 ਜੂਨ
ਸ਼ਹਿਰ ਵਿੱਚ ਲੰਮੇ ਸਮੇਂ ਤੋਂ ਲਟਕ ਰਿਹਾ ਜੱਚਾ ਬੱਚਾ ਸੈਂਟਰ ਨੂੰ ਮਨਜ਼ੂਰੀ ਮਿਲ ਗਈ ਹੈ। ਇਸ ਦੀ ਜਾਣਕਾਰੀ ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਦਿੱਤੀ। ਇਸ ਸੈਂਟਰ ਵਿੱਚ ਗਰਭਵਤੀ ਔਰਤਾਂ ਨੂੰ ਜਣੇਪੇ ਦੌਰਾਨ ਅਤਿ ਆਧੁਨਿਕ ਇਲਾਜ ਮਿਲੇਗਾ। ਜ਼ਿਕਰਯੋਗ ਹੈ ਕਿ ਸਿਵਲ ਹਸਪਤਾਲ ਵਿੱਚ ਇਸ ਸੈਂਟਰ ਲਈ ਢੁੱਕਵੀਂ ਥਾਂ ਨਾ ਹੋਣ ਕਾਰਨ ਇਸਦੇ ਨਿਰਮਾਣ ਵਿੱਚ ਅੜਿੱਕਾ ਪੈਦਾ ਹੋ ਰਿਹਾ ਸੀ। ਇਸ ਤੋਂ ਇਲਾਵਾ ਉਨ੍ਹਾਂ ਨੇ ਸੂਬੇ ਦੇ ਟਰਾਂਸਪੋਰਟਰਾਂ ਦੀ ਸਮੱਸਿਆ ਨੂੰ ਚੁੱਕਦੇ ਪੰਜਾਬ ਸਰਕਾਰ ਤੋਂ ਨਵੀਂ ਨੀਤੀ ਬਣਾਉਣ ਦੀ ਮੰਗ ਵੀ ਕੀਤੀ ਹੈ। ਉਨ੍ਹਾਂ ਨੇ ਹਲਕੇ ਦੀ ਖਸਤਾ ਹਾਲ ਬਰਵਾਲਾ ਸੜਕ ਦਾ ਨਵੀਨੀਕਰਨ ਕਰਨ ਦੀ ਮੰਗ ਕੀਤੀ ਹੈ। ਬਜਟ ਸੈਸ਼ਨ ਵਿੱਚ ਪੀਡਬਲਿਊਡੀ ਮੰਤਰੀ ਹਰਭਜਨ ਸਿੰਘ ਵੱਲੋਂ ਭਰੋਸਾ ਦਿੱਤਾ ਕਿ ਇਸ ਸੜਕ ਦਾ ਬਜਟ 18 ਕਰੋੜ 85 ਲੱਖ ਰੁਪਏ ਬਣਾ ਕੇ ਵਿੱਤ ਵਿਭਾਗ ਕੋਲ ਭੇਜ ਦਿੱਤਾ ਹੈ। ਸ੍ਰੀ ਰੰਧਾਵਾ ਨੂੰ ਤਸੱਲੀ ਨਾ ਹੋਣ ਮਗਰੋਂ ਉਨ੍ਹਾਂ ਨੇ ਸੈਸ਼ਨ ਦੌਰਾਨ ਮੁੜ ਤੋਂ ਸਪੀਕਰ ਕੁਲਤਾਰ ਸੰਧਵਾ ਨੂੰ ਸੜਕ ਦੇ ਨਵੀਨੀਕਰਨ ਲਈ ਸਮਾਂ ਤੈਅ ਕਰਨ ਦੀ ਮੰਗ ਕੀਤੀ। ਮੰਤਰੀ ਨੇ ਕਿਹਾ ਕਿ ਇਸ ਸੜਕ ਦੀ ਮੁਰੰਮਤ ਛੇਤੀ ਕਰਵਾ ਦਿੱਤੀ ਜਾਵੇਗੀ ਅਤੇ ਫੰਡ ਨੂੰ ਮਨਜ਼ੂਰੀ ਮਿਲਦੇ ਹੀ ਸੜਕ ਦੇ ਨਵੀਨੀਕਰਨ ਦਾ ਕੰਮ ਚਾਲੂ ਕਰ ਦਿੱਤਾ ਜਾਏਗਾ।