ਕਰਮਜੀਤ ਸਿੰਘ ਚਿੱਲਾ
ਐਸ.ਏ.ਐਸ.ਨਗਰ(ਮੁਹਾਲੀ), 21 ਫਰਵਰੀ
ਪੰਜਾਬੀ ਸਾਹਿਤ ਸਭਾ ਮੁਹਾਲੀ ਵੱਲੋਂ ਪੰਜਵਾਂ ਸਾਲਾਨਾ ਧੁੱਪ ਦਾ ਮੇਲਾ ਸੀਸਵਾਂ-ਕੁਰਾਲੀ ਮਾਰਗ ’ਤੇ ਸਥਿਤ ਪਿੰਡ ਫ਼ਤਹਿਗੜ੍ਹ ਦੇ ਮੇਜਰ ਦੇ ਵਿਹੜੇ ਵਿੱਚ ਸਜਾਇਆ। ਸਭਾ ਦੇ ਜਨਰਲ ਸਕੱਤਰ ਡਾ. ਸਵੈਰਾਜ ਸੰਧੂ ਅਤੇ ਪ੍ਰੈੱਸ ਸਕੱਤਰ ਨਰਿੰਦਰ ਕੌਰ ਨਸਰੀਨ ਨੇ ਦੱਸਿਆ ਕਿ ਇਸ ਮੇਲੇ ਵਿੱਚ ਵੱਡੀ ਗਿਣਤੀ ਵਿੱਚ ਸਾਹਿਤ ਪ੍ਰੇਮੀਆਂ ਤੋਂ ਇਲਾਵਾ ਸਾਹਿਤਕਾਰਾਂ, ਰੰਗਕਰਮੀਆਂ, ਪੱਤਰਕਾਰਾਂ, ਲੇਖਕਾਂ ਅਤੇ ਕਲਾਕਾਰਾਂ ਨੇ ਸ਼ਿਰਕਤ ਕੀਤੀ। ਇਸ ਮੌਕੇ ਲਾਭ ਸਿੰਘ ਖੀਵਾ ਦੀ ਪੁਸਤਕ ਸਾਕਾ ਕਾਵਿ ਦੀ ਘੁੰਡ ਚੁਕਾਈ ਵੀ ਕੀਤੀ ਗਈ।
ਗਿਲਕੋ ਗਰੁੱਪ ਦੇ ਤੇਜਬੀਰ ਸਿੰਘ ਗਿੱਲ ਨੇ ਇਸ ਮੌਕੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਸਭਾ ਦੀਆਂ ਗਤੀਵਿਧੀਆਂ ਲਈ ਇੱਕੀ ਹਜ਼ਾਰ ਦੀ ਰਾਸ਼ੀ ਭੇਟ ਕੀਤੀ। ਵਰਲਡ ਪੰਜਾਬੀ ਸੈਂਟਰ ਦੇ ਸਾਬਕਾ ਡਾਇਰੈਕਟਰ ਡਾ. ਦੀਪਕ ਮਨਮੋਹਨ ਸਿੰਘ, ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਦਰਸ਼ਨ ਸਿੰਘ ਬੁੱਟਰ, ਸ਼੍ਰੋਮਣੀ ਕਵੀ ਬਲਵਿੰਦਰ ਸਿੰਘ ਸੰਧੂ, ਕੰਵਰ ਜਸਮਿੰਦਰ ਸਿੰਘ ਤੇ ਡਾ. ਦਿਲਵਾਰਾ ਸਿੰਘ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ। ਇਸ ਮੌਕੇ ਫਿਲਮੀ ਕਲਾਕਾਰ ਸ਼ਿਵੰਦਰ ਮਾਹਲ, ਮਲਕੀਤ ਰੌਣੀ, ਕੰਵਲਨੈਣ ਸਿੰਘ ਸੇਖੋਂ, ਲਾਭ ਚਤਾਮਲੀ ਵਾਲਾ, ਬਲਜੀਤ ਜ਼ਖ਼ਮੀ, ਲਾਲੀ ਗਿੱਲ, ਗੁਰਮੀਤ ਮਿਤਵਾ, ਸੁਖਜਿੰਦਰ ਸਿੰਘ ਮਾਵੀ ਨੇ ਵੀ ਹਾਜ਼ਰੀ ਭਰੀ।
ਇਸ ਮੌਕੇ ਰਘਵੀਰ ਭੁੱਲਰ ਦੀ ਨਿਰਦੇਸ਼ਨਾ ਹੇਠ ਮੁਹਾਲੀ ਦੇ ਕਲਾਕਾਰਾਂ ਨੇ ਖੇਤੀ ਸੰਘਰਸ਼ ਨਾਲ ਸਬੰਧਿਤ ਵਾਢੀ ਦੇ ਨਾਚ ਦੀ ਪੇਸ਼ਕਾਰੀ ਕੀਤੀ। ਇਪਟਾ ਦੇ ਸੂਬਾਈ ਪ੍ਰਧਾਨ ਸੰਜੀਵਨ ਸਿੰਘ, ਰਾਬਿੰਦਰ ਸਿੰਘ ਰੱਬੀ, ਪਰਮਜੀਤ ਭੁੱਲਰ, ਪਰਵੇਸ਼ ਭੁੱਲਰ, ਰਾਜਬੀਰ ਕੌਰ ਮੁਹਾਲੀ, ਬਲਕਾਰ ਸਿੱਧੂ, ਜਸਬੀਰ ਮੰਡ, ਡਾ. ਲਾਭ ਸਿੰਘ ਖੀਵਾ, ਸੱਚਪ੍ਰੀਤ ਕੌਰ ਖੀਵਾ, ਹਰਕੰਵਲ ਸਿੰਘ ਕੰਗ, ਪ੍ਰੋ. ਨਿਰਮਲ ਸਿੰਘ ਬਾਸੀ, ਸ਼ਿਵ ਨਾਥ, ਡਾ. ਸੁਰਿੰਦਰ ਗਿੱਲ, ਸੁਰਿੰਦਰ ਭੋਗਲ ਨੇ ਆਪਣੀਆਂ ਰਚਨਾਵਾ ਨਾਲ ਹਾਜ਼ਰੀ ਲਵਾਈ। ਐਡਵੋਕੇਟ ਪਰਮਿੰਦਰ ਸਿੰਘ ਗਿੱਲ ਨੇ ਕਿਸਾਨੀ ਸੰਘਰਸ਼ ਨਾਲ ਸਬੰਧਿਤ ਨਜ਼ਮ ਸੁਣਾਈ।
ਭੂਪਿੰਦਰ ਮਟੌਰੀਆ, ਗੁਰਤੇਜ ਤੇਜ, ਅਮਰ ਵਿਰਦੀ ਨੇ ਗੀਤ ਗਾਏ। ਪੱਤਰਕਾਰ ਸੁਰਿੰਦਰ ਸਿੰਘ ਨੇ ਪੰਜਾਬੀ ਪੱਤਰਕਾਰੀ ਬਾਰੇ ਚਰਚਾ ਕੀਤੀ। ਕਵਾਲੀਆਂ ਦੀ ਪੇਸ਼ਕਾਰੀ ਵੀ ਹੋਈ। ਮੰਚ ਸੰਚਾਲਨ ਡਾ. ਸਵੈਰਾਜ ਸੰਧੂ ਨੇ ਕੀਤਾ। ਸਭਾ ਦੇ ਪ੍ਰਧਾਨ ਡਾ. ਸ਼ਿੰਦਰਪਾਲ ਸਿੰਘ ਨੇ ਸਾਰਿਆਂ ਦਾ ਧੰਨਵਾਦ ਕੀਤਾ। ਇਸ ਮੌਕੇ ਵੱਖ-ਵੱਖ ਸਖ਼ਸ਼ੀਅਤਾਂ ਦਾ ਸਨਮਾਨ ਵੀ ਕੀਤਾ ਗਿਆ।