ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 2 ਫਰਵਰੀ
ਇਥੋਂ ਦੇ ਕਾਰਮਲ ਕਾਨਵੈਂਟ ਸਕੂਲ ਸੈਕਟਰ-9 ਵਲੋਂ ਸਿੱਖਿਆ ਵਿਭਾਗ ਨੂੰ ਆਫਲਾਈਨ ਪ੍ਰੀਖਿਆ ਕਰਵਾਉਣ ਸਬੰਧੀ ਜਵਾਬ ਸੌਂਪਿਆ ਗਿਆ। ਸਕੂਲ ਨੇ ਕਿਹਾ ਕਿ ਮਾਪਿਆਂ ਦੀ ਸਹਿਮਤੀ ਨਾਲ ਹੀ ਨੌਵੀਂ ਤੇ ਗਿਆਰ੍ਹਵੀਂ ਜਮਾਤ ਦੀ ਆਫਲਾਈਨ ਪ੍ਰੀਖਿਆ ਕਰਵਾਉਣ ਲਈ ਨੋਟਿਸ ਜਾਰੀ ਕੀਤਾ ਗਿਆ ਸੀ। ਦੂਜੇ ਪਾਸੇ ਵੱਡੀ ਗਿਣਤੀ ਮਾਪਿਆਂ ਨੇ ਸਕੂਲ ਦੇ ਜਵਾਬ ’ਤੇ ਇਤਰਾਜ਼ ਜ਼ਾਹਰ ਕੀਤਾ ਹੈ।
ਵਿਭਾਗ ਦੇ ਅਧਿਕਾਰੀ ਨੇ ਦੱਸਿਆ ਕਿ ਭਵਨ ਵਿਦਿਆਲਿਆ ਸਕੂਲ ਵਲੋਂ ਸਿਰਫ ਆਫਲਾਈਨ ਪ੍ਰੀਖਿਆ ਕਰਵਾਉਣ ਦੇ ਮਾਮਲੇ ਵਿਚ ਹਾਲੇ ਉਨ੍ਹਾਂ ਨੂੰ ਕੋਈ ਸ਼ਿਕਾਇਤ ਨਹੀਂ ਮਿਲੀ। ਇਸ ਸਕੂਲ ਵਿਚ ਨੌਵੀਂ ਜਮਾਤ ਦੀ ਆਫਲਾਈਨ ਪ੍ਰੀਖਿਆ 26 ਫਰਵਰੀ ਤੇ ਗਿਆਰ੍ਹਵੀਂ ਜਮਾਤ ਦੀ ਪ੍ਰੀਖਿਆ 24 ਫਰਵਰੀ ਨੂੰ ਲਈ ਜਾ ਰਹੀ ਹੈ। ਕਾਰਮਲ ਕਾਨਵੈਂਟ ਸਕੂਲ ਦੇ ਬੁਲਾਰੇ ਨੇ ਕਿਹਾ ਕਿ ਮਾਪਿਆਂ ਨੇ ਕਿਹਾ ਸੀ ਕਿ ਉਨ੍ਹਾਂ ਦੇ ਬੱਚੇ ਘਰ ਬੈਠ ਕੇ ਸਹੀ ਨਹੀਂ ਪੜ੍ਹ ਰਹੇ ਤੇ ਸਕੂਲ ਵੀ ਵਿਦਿਆਰਥੀਆਂ ਦੇ ਭਵਿੱਖ ਪ੍ਰਤੀ ਫਿਕਰਮੰਦ ਸੀ ਕਿਉਂਕਿ ਵਿਦਿਆਰਥੀ ਦਾ ਆਨਲਾਈਨ ਮੁਲਾਂਕਣ ਤੇ ਆਫਲਾਈਨ ਮੁਲਾਂਕਣ ਕਰਨ ਵਿਚ ਬਹੁਤ ਫਰਕ ਹੈ ਤੇ ਆਫਲਾਈਨ ਵਿਧੀ ਨਾਲ ਵਿਦਿਆਰਥੀਆਂ ਦਾ ਵਧੀਆ ਮੁਲਾਂਕਣ ਕੀਤਾ ਜਾ ਸਕਦਾ ਹੈ। ਮਾਪਿਆਂ ਨੇ ਕਿਹਾ ਕਿ ਇਸ ਸਰਕੁਲਰ ਖਿਲਾਫ਼ ਮਾਪੇ ਪ੍ਰਿੰਸੀਪਲ ਨੂੰ ਵੀ ਮਿਲੇ ਸਨ। ਉਨ੍ਹਾਂ ਕਿਹਾ ਕਿ ਹਾਲੇ ਕਰੋਨਾ ਦਾ ਖਤਰਾ ਘਟਿਆ ਨਹੀਂ ਹੈ ਤੇ ਕਰੋਨਾ ਦੇ ਨਵੇਂ ਸਟਰੇਨ ਦੇ ਕੇਸਾਂ ਕਾਰਨ ਮਾਪਿਆਂ ਵਿਚ ਦਹਿਸ਼ਤ ਹੈ। ਇਸ ਵੇਲੇ ਇਨ੍ਹ੍ਵਾਂ ਬੱਚਿਆਂ ਦੀਆਂ ਆਨਲਾਈਨ ਜਮਾਤਾਂ ਹੀ ਲੱਗ ਰਹੀਆਂ ਹਨ ਜਿਸ ਕਰ ਕੇ ਇਹ ਪ੍ਰੀਖਿਆਵਾਂ ਵੀ ਆਨਲਾਈਨ ਹੀ ਕਰਵਾਈਆਂ ਜਾਣ। ਚੰਡੀਗੜ੍ਹ ਪੇਰੈਂਟਸ ਐਸੋਸੀਏਸ਼ਨ ਦੇ ਪ੍ਰਧਾਨ ਨਿਤਿਨ ਗੋਇਲ ਨੇ ਕਿਹਾ ਕਿ 120 ਵਿਦਿਆਰਥੀਆਂ ਦੇ ਮਾਪਿਆਂ ਨੇ ਦਸਤਖਤ ਕਰ ਕੇ ਉਨ੍ਹਾਂ ਤੇ ਡਾਇਰੈਕਟਰ ਨੂੰ ਸ਼ਿਕਾਇਤ ਦਿੱਤੀ ਹੈ। ਜੇ ਸਕੂਲ ਨੇ ਮਾਪਿਆਂ ਦੀ ਸਹਿਮਤੀ ਮੰਗੀ ਸੀ ਤਾਂ ਉਨ੍ਹਾਂ ਨੂੰ ਆਪਸ਼ਨ ਤਾਂ ਦੇਣੀ ਚਾਹੀਦੀ ਸੀ। ਇਸ ਕਰ ਕੇ ਸਕੂਲ ਨੂੰ ਆਨਲਾਈਨ ਪ੍ਰੀਖਿਆ ਹੀ ਕਰਵਾਉਣੀ ਚਾਹੀਦੀ ਹੈ। ਸਕੂਲ ਦੇ ਪ੍ਰਿੰਸੀਪਲ ਨੇ ਦੱਸਿਆ ਕਿ ਸਕੂਲ ਵਲੋਂ ਆਫਲਾਈਨ ਪ੍ਰੀਖਿਆ ਕਰਵਾਉਣ ਵੇਲੇ ਸਮਾਜਿਕ ਦੂਰੀ ਤੇ ਕਰੋਨਾ ਸਾਵਧਾਨੀਆਂ ਦਾ ਪਾਲਣ ਕੀਤਾ ਜਾਵੇਗਾ।
ਸਕੂਲਾਂ ਨੂੰ ਹਦਾਇਤਾਂ ਜਾਰੀ ਹੋਣਗੀਆਂ: ਡਾਇਰੈਕਟਰ
ਡਾਇਰੈਕਟਰ ਸਕੂਲ ਐਜੂਕੇਸ਼ਨ ਰੁਬਿੰਦਰਜੀਤ ਸਿੰਘ ਬਰਾੜ ਨੇ ਦੱਸਿਆ ਕਿ ਵਿਭਾਗ ਨੂੰ ਚੰਡੀਗੜ੍ਹ ਦੇ ਕਈ ਸਕੂਲਾਂ ਦੀਆਂ ਆਫਲਾਈਨ ਪ੍ਰੀਖਿਆਵਾਂ ਕਰਵਾਉਣ ਸਬੰਧੀ ਸ਼ਿਕਾਇਤਾਂ ਮਿਲ ਰਹੀਆਂ ਹਨ ਤੇ ਵਿਭਾਗ ਵਲੋਂ ਭਲਕੇ ਸਕੂਲਾਂ ਨੂੰ ਇਸ ਸਬੰਧੀ ਹਦਾਇਤਾਂ ਜਾਰੀ ਕੀਤੀਆਂ ਜਾਣਗੀਆਂ। ਇਕ ਹੋਰ ਅਧਿਕਾਰੀ ਨੇ ਕਿਹਾ ਕਿ ਜੇ ਕੋਈ ਸਕੂਲ ਆਫਲਾਈਨ ਜਮਾਤਾਂ ਲਾ ਰਿਹਾ ਹੈ ਤਾਂ ਹੀ ਆਫਲਾਈਨ ਪ੍ਰੀਖਿਆ ਲਈ ਜਾ ਸਕਦੀ ਹੈ।