ਕਰਮਜੀਤ ਸਿੰਘ ਚਿੱਲਾ
ਬਨੂੜ, 12 ਦਸੰਬਰ
ਖੇਤੀ ਕਾਨੂੰਨਾਂ ਖ਼ਿਲਾਫ਼ ਵੱਖ-ਵੱਖ ਸ਼ਖ਼ਸੀਅਤਾਂ ਵੱਲੋਂ ਕੇਂਦਰੀ ਐਵਾਰਡ ਅਤੇ ਹੋਰ ਸਨਮਾਨ ਵਾਪਸ ਕਰਨ ਦੇ ਐਲਾਨਾਂ ਮਗਰੋਂ ਹੁਣ ਕਿਸਾਨਾਂ ਨੇ ਪ੍ਰਧਾਨ ਮੰਤਰੀ ਸਨਮਾਨ ਨਿਧੀ ਯੋਜਨਾ ਤਹਿਤ ਮਿਲੀ ਰਾਸ਼ੀ ਵਾਪਸ ਕਰਨ ਦਾ ਐਲਾਨ ਕੀਤਾ ਹੈ। ਇਸ ਯੋਜਨਾ ਅਧੀਨ ਕੇਂਦਰ ਵੱਲੋਂ ਹਰ ਚਾਰ ਮਹੀਨੇ ਬਾਅਦ ਕਿਸਾਨਾਂ ਦੇ ਖਾਤੇ ਵਿੱਚ ਦੋ ਹਜ਼ਾਰ ਦੀ ਰਾਸ਼ੀ ਭੇਜੀ ਜਾਂਦੀ ਹੈ।
ਪਿੰਡ ਖਲੌਰ ਦੇ ਨੰਬਰਦਾਰ ਸਤਨਾਮ ਸਿੰਘ ਸੱਤਾ, ਉਸ ਦੇ ਪਿਤਾ ਕੁਲਵੰਤ ਸਿੰਘ ਅਤੇ ਭਰਾ ਲਖਵਿੰਦਰ ਸਿੰਘ ਨੇ ਆਪਣੇ ਖਾਤਿਆਂ ਵਿੱਚ ਆਈ ਛੇ-ਛੇ ਹਜ਼ਾਰ ਦੀ ਰਾਸ਼ੀ ਪ੍ਰਧਾਨ ਮੰਤਰੀ ਨੂੰ ਵਾਪਸ ਕਰਨ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਉਹ ਇਹ ਰਾਸ਼ੀ ਖੇਤੀ ਸਬੰਧੀ ਬਣਾਏ ਕਾਲੇ ਕਾਨੂੰਨਾਂ ਦੇ ਰੋਸ ਵਜੋਂ ਵਾਪਸ ਕਰਨਗੇ। ਉਨ੍ਹਾਂ ਦੱਸਿਆ ਕਿ ਉਹ ਸੋਮਵਾਰ ਨੂੰ ਇਹ ਰਾਸ਼ੀ ਮਨੀਆਰਡਰ ਜਾਂ ਬੈਂਕ ਡਰਾਫ਼ਟ ਰਾਹੀਂ ਪ੍ਰਧਾਨ ਮੰਤਰੀ ਨੂੰ ਵਾਪਸ ਭੇਜਣਗੇ ਅਤੇ ਭਵਿੱਖ ਵਿੱਚ ਇਸ ਯੋਜਨਾ ਦੀ ਰਾਸ਼ੀ ਨੂੰ ਬੰਦ ਕਰਾਉਣ ਦੀ ਵੀ ਦਰਖਾਸਤ ਦੇਣਗੇ। ਉਨ੍ਹਾਂ ਇਸ ਸਬੰਧੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਵੀ ਲਿਖਿਆ ਹੈ। ਕਿਸਾਨਾਂ ਨੇ ਆਖਿਆ ਕਿ ਉਨ੍ਹਾਂ ਨੇ ਆਪਣੇ ਪਰਿਵਾਰ ਦੀ ਸਹਿਮਤੀ ਨਾਲ ਇਹ ਫੈਸਲਾ ਲਿਆ ਹੈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਕੇਂਦਰ ਸਰਕਾਰ ਕਾਲੇ ਖੇਤੀਬਾੜੀ ਕਾਨੂੰਨ ਵਾਪਸ ਨਹੀਂ ਲੈਂਦੀ ਅਤੇ ਸਵਾਮੀਨਾਥਨ ਰਿਪੋਰਟ ਲਾਗੂ ਨਹੀਂ ਕਰਦੀ, ਉਦੋਂ ਤੱਕ ਉਹ ਕੇਂਦਰ ਸਰਕਾਰ ਦੀ ਕਿਸੇ ਵੀ ਸਕੀਮ ਦਾ ਲਾਭ ਨਹੀਂ ਲੈਣਗੇ। ਉਨ੍ਹਾਂ ਦੱਸਿਆ ਕਿ ਪਿੰਡ ਦੇ ਹੋਰ ਵੀ ਕਿਸਾਨ ਇਸ ਮੁਹਿੰਮ ਵਿੱਚ ਸ਼ਾਮਿਲ ਹੋਣਗੇ। ਇਸੇ ਦੌਰਾਨ ਅਜ਼ੀਜ਼ਪੁਰ ਟੌਲ ਪਲਾਜ਼ਾ ਉੱਤੇ ਸਮੁੱਚੇ ਵਾਹਨ ਬਿਨਾਂ ਟੌਲ ਦਿੱਤਿਆਂ ਲੰਘਦੇ ਹਨ। ਠੇਕੇਦਾਰ ਅਨੁਸਾਰ ਕੰਪਨੀ ਨੂੰ ਰੋਜ਼ਾਨਾ ਅੱਠ ਲੱਖ ਦਾ ਘਾਟਾ ਪੈ ਰਿਹਾ ਹੈ। ਹੁਣ ਪ੍ਰੇਮ ਸਿੰਘ ਬਨੂੜ ਅਤੇ ਵਾਹਿਗੁਰੂ ਸਿੰਘ ਜਲਾਲਪੁਰ ਦੀ ਅਗਵਾਈ ਹੇਠ ਸਾਬਕਾ ਫੌਜੀ ਇੱਥੇ ਦਿਨ-ਰਾਤ ਧਰਨਾ ਦੇ ਰਹੇ ਹਨ।
ਕਿਸਾਨਾਂ ਵੱਲੋਂ ਦੇਵੀ ਨਗਰ-ਸ਼ੰਭੂ ਟੌਲ ਪਲਾਜ਼ਾ ’ਤੇ ਧਰਨਾ
ਅੰਬਾਲਾ (ਰਤਨ ਸਿੰਘ ਢਿੱਲੋਂ): ਪਹਿਲਾਂ ਤੋਂ ਮਿਥੇ ਪ੍ਰੋਗਰਾਮ ਅਨੁਸਾਰ ਅੱਜ ਭਾਰਤੀ ਕਿਸਾਨ ਯੂਨੀਅਨ ਨਾਲ ਸਬੰਧਤ ਕਿਸਾਨਾਂ ਨੇ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਅਮਰਜੀਤ ਸਿੰਘ ਮੌਹੜੀ ਦੀ ਅਗਵਾਈ ਵਿਚ ਜੀਟੀ ਰੋਡ ’ਤੇ ਦੇਵੀ ਨਗਰ-ਸ਼ੰਭੂ ਟੌਲ ਪਲਾਜ਼ਾ ਬੰਦ ਕਰਵਾ ਦਿੱਤਾ। ਕਿਸਾਨ ਸਵੇਰ ਤੋਂ ਸ਼ਾਮ ਤੱਕ ਟੌਲ ਪਲਾਜ਼ਾ ’ਤੇ ਡਟੇ ਰਹੇ ਤੇ ਵਾਹਨ ਚਾਲਕ ਬਿਨਾਂ ਟੌਲ ਟੈਕਸ ਤੋਂ ਗੁਜ਼ਰਦੇ ਰਹੇ। ਇਨ੍ਹਾਂ ਵਿਚ ਪੰਜਾਬ ਤੋਂ ਦਿੱਲ਼ੀ ਜਾ ਰਹੇ ਕਿਸਾਨਾਂ ਦਾ ਕਾਫਲਾ ਵੀ ਸ਼ਾਮਲ ਸੀ। ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਅੰਬਾਲਾ ਪੁਲੀਸ ਦੇ ਮੁਲਾਜ਼ਮ ਭਾਰੀ ਗਿਣਤੀ ਵਿਚ ਮੌਜੂਦ ਸਨ। ਖ਼ੁਦ ਅੰਬਾਲਾ ਡਿਵੀਜ਼ਨ ਦੇ ਆਈਜੀ ਵਾਈ ਪੂਰਨ ਕੁਮਾਰ ਮੌਕੇ ’ਤੇ ਪਹੁੰਚੇ ਅਤੇ ਸੁਰੱਖਿਆ ਵਿਵਸਥਾ ਦਾ ਜਾਇਜ਼ਾ ਲਿਆ। ਕਿਸਾਨ ਸਵੇਰੇ 9 ਵਜੇ ਹੀ ਟੌਲ ਪਲਾਜ਼ਾ ’ਤੇ ਪਹੁੰਚਣੇ ਸ਼ੁਰੂ ਹੋ ਗਏ ਸਨ ਅਤੇ ਪਲਾਜ਼ਾ ਬੰਦ ਕਰਵਾਉਣ ਤੋਂ ਬਾਅਦ ਹਾਈਵੇਅ ਦੇ ਇਕ ਹਿੱਸੇ ਇਕੱਠੇ ਹੋ ਕੇ ਧਰਨੇ ’ਤੇ ਬੈਠ ਗਏ। ਜ਼ਿਕਰਯੋਗ ਹੈ ਕਿ ਹਰਿਆਣਾ ਦੇ ਕਿਸਾਨਾਂ ਨੇ ਦੇਵੀ ਨਗਰ ਟੌਲ ਪਲਾਜ਼ਾ ਤੋਂ ਇਲਾਵਾ ਅੰਬਾਲਾ-ਹਿਸਾਰ ਰੋਡ ਟੌਲ ਪਲਾਜ਼ਾ, ਕਰਨਾਲ ਦਾ ਬਸਤਾੜਾ, ਜੀਂਦ ਵਿਚ ਖਟਕੜ, ਹਿਸਾਰ ਰੋਡ ’ਤੇ ਕਿਉੜਕ, ਪਿੰਜੌਰ ਵਿਚ ਚੰਡੀਮੰਦਰ, ਬਰਵਾਲਾ ਦੇ ਜਲੌਲੀ ਸਮੇਤ ਕਈ ਟੌਲ ਪਲਾਜ਼ੇ ਬੰਦ ਕਰਵਾ ਦਿੱਤੇ ਹਨ।