ਪੱਤਰ ਪ੍ਰੇਰਕ
ਚੰਡੀਗੜ੍ਹ, 29 ਦਸੰਬਰ
ਸੀਟੀਯੂ ਵਰਕਰਜ਼ ਯੂਨੀਅਨ (ਸਾਂਝਾ ਮੋਰਚਾ) ਦੀ ਅਗਵਾਈ ਹੇਠ ਸੀਟੀਯੂ ਦੀਆਂ ਸਾਰੀਆਂ ਜਥੇਬੰਦੀਆਂ ਨੇ ਕਿਲੋਮੀਟਰ ਸਕੀਮ ਵਿੱਚ ਲਈਆਂ ਜਾ ਰਹੀਆਂ ਪ੍ਰਾਈਵੇਟ ਬੱਸਾਂ ਦੀ ਖਿਲਾਫ਼ਤ ਕਰਦਿਆਂ ਸ਼ੁਰੂ ਕੀਤੀ ਗਈ ਭੁੱਖ ਹੜਤਾਲ ਤੋਂ ਸੰਘਰਸ਼ ਨੂੰ ਅੱਗੇ ਵਧਾਉਂਦਿਆਂ ਯੂਟੀ ਪ੍ਰਸ਼ਾਸਨ ਖਿਲਾਫ਼ ਪੁਤਲਾ ਫੂਕ ਪ੍ਰਦਰਸ਼ਨਾਂ ਦਾ ਐਲਾਨ ਕਰ ਦਿੱਤਾ ਹੈ। ਯੂਨੀਅਨ ਪ੍ਰਧਾਨ ਧਰਮਿੰਦਰ ਸਿੰਘ ਰਾਹੀ, ਵਾਈਸ ਪ੍ਰਧਾਨ ਚਰਨਜੀਤ ਸਿੰਘ ਢੀਂਡਸਾ, ਜਨਰਲ ਸਕੱਤਰ ਸਤਿੰਦਰ ਸਿੰਘ ਤੇ ਖਜ਼ਾਨਚੀ ਤੇਜਵੀਰ ਸਿੰਘ ਨੇ ਯੂਟੀ ਪ੍ਰਸ਼ਾਸਨ ਨੂੰ ਚਿਤਾਵਨੀ ਦਿੱਤੀ ਕਿ ਜੇ ਕਿਲੋਮੀਟਰ ਸਕੀਮ ਦੀਆਂ ਪ੍ਰਾਈਵੇਟ ਬੱਸਾਂ ਦੇ ਟੈਂਡਰ ਨੂੰ ਰੱਦ ਨਾ ਕੀਤਾ ਤਾਂ ਸੀਟੀਯੂ ਦੇ ਹਾਲਾਤ ਕਿਸੇ ਵੀ ਸਮੇਂ ਖਰਾਬ ਹੋ ਸਕਦੇ ਹਨ। ਉਨ੍ਹਾਂ ਮੰਗ ਕੀਤੀ ਕਿ ਸੀ.ਟੀ.ਯੂ. ਦੀਆਂ 417 ਬੱਸਾਂ ਦਾ ਫਲੀਟ ਪੂਰਾ ਕੀਤਾ ਜਾਵੇ, ਕਿਲੋਮੀਟਰ ਸਕੀਮ ਵਿੱਚ ਪ੍ਰਾਈਵੇਟ ਬੱਸਾਂ ਦਾ ਟੈਂਡਰ ਰੱਦ ਕੀਤਾ ਜਾਵੇ, ਖਾਲੀ ਅਸਾਮੀਆਂ ਤੁਰੰਤ ਭਰੀਆਂ ਜਾਣ, ਆਊਟਸੋਰਸਿੰਗ ਮੁਲਾਜ਼ਮਾਂ ਦਾ ਠੇਕੇਦਾਰ ਵੱਲੋਂ ਕੀਤਾ ਜਾ ਰਿਹਾ ਆਰਥਿਕ ਸ਼ੋਸ਼ਣ ਬੰਦ ਕੀਤਾ ਜਾਵੇ। ਯੂਨੀਅਨਾਂ ਦੇ ਸਾਂਝੇ ਮੋਰਚੇ ਵਿੱਚ ਸ਼ਾਮਲ ਆਗੂਆਂ ਜੋਗਿੰਦਰ ਸਿੰਘ, ਭੁਪਿੰਦਰ ਸਿੰਘ, ਸੀ.ਟੀ.ਯੂ. ਐਂਪਲਾਈਜ਼ ਵਰਕਰਜ਼ ਯੂਨੀਅਨ ਤੋਂ ਨਿਰਮਲ ਸਿੰਘ ਨੇ ਕਿਹਾ ਕਿ ਅਫ਼ਸਰਸ਼ਾਹੀ ਪ੍ਰਾਈਵੇਟ ਕੰਪਨੀਆਂ ਦੇ ਹੱਥਾਂ ਦੀ ਕਠਪੁਤਲੀ ਨਾ ਬਣੇ।