ਆਤਿਸ਼ ਗੁਪਤਾ
ਚੰਡੀਗੜ੍ਹ, 7 ਸਤੰਬਰ
ਚੰਡੀਗੜ੍ਹ ਨਗਰ ਨਿਗਮ ਚੋਣਾਂ ਤੋਂ ਅੱਠ ਮਹੀਨੇ ਬਾਅਦ ਵੀ ਨਾਮਜ਼ਦ ਕੌਂਸਲਰਾਂ ਦੀ ਚੋਣ ਨਹੀਂ ਕੀਤੀ ਜਾ ਸਕੀ। ਪਰ ਜਲਦ ਹੀ ਨਾਮਜ਼ਦ ਕੀਤੇ ਜਾਣ ਵਾਲੇ ਕੌਂਸਲਰਾਂ ਦਾ ਐਲਾਨ ਹੋਣ ਜਾ ਰਿਹਾ ਹੈ। ਚੰਡੀਗੜ੍ਹ ਨਗਰ ਨਿਗਮ ਚੁਣੇ ਗਏ 35 ਕੌਂਸਲਰਾਂ ਤੋਂ ਇਲਾਵਾ ਸਮਾਜ ਸੇਵਾ ਦੇ ਖੇਤਰ ਨਾਲ ਜੁੜੇ 9 ਜਣਿਆਂ ਨੂੰ ਕੌਂਸਲਰ ਵਜੋਂ ਨਾਮਜ਼ਦ ਕੀਤਾ ਜਾਂਦਾ ਹੈ ਜਿਨ੍ਹਾਂ ਦਾ ਐਲਾਨ ਪ੍ਰਸ਼ਾਸਕ ਦੀ ਮੋਹਰ ਤੋਂ ਬਾਅਦ ਹੁੰਦਾ ਹੈ। ਇਸ ਵਾਰ ਸਮਾਜ ਸੇਵਾ ਦੇ ਖੇਤਰ ਨਾਲ ਜਾਂ ਹੋਰਨਾਂ ਸਿਆਸੀ ਪਾਰਟੀਆਂ ਨਾਲ ਜੁੜੇ ਵਿਅਕਤੀਆਂ ਨੂੰ ਨਜ਼ਰਅੰਦਾਜ਼ ਕਰਕੇ ਭਾਜਪਾਈਆਂ ਨੂੰ ਨਾਮਜ਼ਦ ਕੌਂਸਲਰਾਂ ਵਿੱਚ ਥਾਂ ਮਿਲਦੀ ਦਿਖਾਈ ਦੇ ਰਹੀ ਹੈ।
ਜਾਣਕਾਰੀ ਅਨੁਸਾਰ ਚੰਡੀਗੜ੍ਹ ਭਾਜਪਾ ਪ੍ਰਧਾਨ ਅਰੁਣ ਸੂਦ, ਸੰਸਦ ਮੈਂਬਰ ਕਿਰਨ ਖੇਰ, ਭਾਜਪਾ ਦੇ ਸੀਨੀਅਰ ਆਗੂ ਸੰਜੈ ਟੰਡਨ, ਸੱਤਪਾਲ ਜੈਨ ਆਪਣੇ ਚਹੇਤਿਆਂ ਨੂੰ ਨਗਰ ਨਿਗਮ ਵਿੱਚ ਨਾਮਜ਼ਦ ਕਰਵਾਉਣ ਲਈ ਜ਼ੋਰ ਅਜ਼ਮਾਇਸ਼ ਕਰ ਰਹੇ ਹਨ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਭਾਜਪਾ ਦੇ ਜਨਰਲ ਸਕੱਤਰ, ਸਾਬਕਾ ਮੇਅਰ ਅਤੇ ਹੋਰ ਕਈ ਸੀਨੀਅਰ ਆਗੂ ਆਪਣੇ ਪਰਿਵਾਰਕ ਮੈਂਬਰਾਂ ਨੂੰ ਨਾਮਜ਼ਦ ਕਰਵਾਉਣ ਦੀ ਦੌੜ ਵਿੱਚ ਹਨ। ਇਸ ਤੋਂ ਇਲਾਵਾ ਭਾਜਪਾ ਦੇ ਕਈ ਹੋਰ ਸੀਨੀਅਰ ਆਗੂ ਅਤੇ ਸਾਬਕਾ ਕੌਂਸਲਰ ਵੀ ਜੋੜ-ਤੋੜ ਵਿੱਚ ਲੱਗੇ ਹੋਏ ਹਨ। ਭਾਜਪਾ ਆਗੂ ਆਪਣੇ ਹੀ ਪਰਿਵਾਰਕ ਮੈਂਬਰਾਂ ਨੂੰ ਨਿਗਮ ਵਿੱਚ ਨਾਮਜ਼ਦ ਕਰਵਾ ਕੇ ਪਾਰਟੀ ਦੇ ਸਿਧਾਂਤਾਂ ਦੇ ਉਲਟ ਕੰਮ ਕਰ ਰਹੇ ਹਨ।ਚੰਡੀਗੜ੍ਹ ਨਗਰ ਨਿਗਮ ਵਿੱਚ ਸਮਾਜ ਸੇਵੀਆਂ ਨੂੰ ਤਰਜੀਹ ਦੇਣ ਲਈ ਕੌਂਸਲਰ ਨਾਮਜ਼ਦ ਕਰਨ ਦੀ ਰਵਾਇਤ ਸ਼ੁਰੂ ਕੀਤੀ ਗਈ ਸੀ, ਜਿਸ ਵਿੱਚ ਸਮਾਜ ਸੇਵੀਆਂ ਨੂੰ ਨਾਮਜ਼ਦ ਕੀਤਾ ਜਾਂਦਾ ਸੀ। ਪਰ ਪਿਛਲੇ ਕੁਝ ਸਮੇਂ ਤੋਂ ਰਾਜਨੀਤਕ ਪਾਰਟੀਆਂ ਵੱਲੋਂ ਆਪਣੇ ਚਹੇਤਿਆਂ ਜਾਂ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਹੀ ਨਾਮਜ਼ਦ ਕਰ ਦਿੱਤਾ ਜਾਂਦਾ ਹੈ। ਗੌਰਤਲਬ ਹੈ ਕਿ ਨਗਰ ਨਿਗਮ ਚੋਣਾਂ ਤੋਂ ਕੁਝ ਸਮੇਂ ਬਾਅਦ ‘ਆਪ’ ਨੇ ਵੀ ਨਾਮਜ਼ਦ ਕੀਤੇ ਜਾਣ ਵਾਲੇ ਕੌਂਸਲਰਾਂ ਵਿੱਚ ਭਾਜਪਾ ਆਗੂਆਂ ਨੂੰ ਤਰਜੀਹ ਦੇਣ ਦਾ ਇਤਰਾਜ਼ ਜਤਾਇਆ ਸੀ।