ਪੱਤਰ ਪ੍ਰੇਰਕ
ਚੰਡੀਗੜ੍ਹ, 26 ਫ਼ਰਵਰੀ
ਯੂ.ਟੀ. ਪ੍ਰਸ਼ਾਸਨ ਅਤੇ ਨਗਰ ਨਿਗਮ ਨਾਲ ਜੁੜੇ ਵੱਖ-ਵੱਖ ਵਿਭਾਗਾਂ ਦੇ ਕਰਮਚਾਰੀਆਂ ਉਤੇ ਅਧਾਰਿਤ ਸੰਯੁਕਤ ਕਰਮਚਾਰੀ ਮੋਰਚੇ ਦੀਆਂ ਛੇ ਫੈਡਰੇਸ਼ਨਾਂ ਦੀ ਹੰਗਾਮੀ ਮੀਟਿੰਗ ਅੱਜ ਇਥੇ ਹੋਈ, ਜਿਸ ਵਿੱਚ ਬਿਜਲੀ ਕਰਮਚਾਰੀਆਂ ਦੀ ਹੜਤਾਲ ਖ਼ਤਮ ਹੋਣ ਬਾਰੇ ਪੜਚੋਲ ਕੀਤੀ ਗਈ ਅਤੇ ਪ੍ਰਸ਼ਾਸਨ ਵੱਲੋਂ ਕੀਤੀ ਜਾ ਰਹੀ ਕਾਰਵਾਈ ਉਤੇ ਚਰਚਾ ਵੀ ਕੀਤੀ ਗਈ। ਇਸ ਦੌਰਾਨ ਯੂਟੀ ਪ੍ਰਸ਼ਾਸਨ ਵੱਲੋਂ ਬਿਜਲੀ ਕਾਮਿਆਂ ਖਿਲਾਫ਼ ਕੀਤੀ ਜਾ ਰਹੀ ਕਾਰਵਾਈ ਨਾ ਰੋਕਣ ਦੀ ਸੂਰਤ ’ਚ ਰੋਸ ਮਾਰਚ ਅਤੇ ਸਮੂਹਿਕ ਗ੍ਰਿਫ਼ਤਾਰੀਆਂ ਦੇਣ ਦਾ ਐਲਾਨ ਕੀਤਾ ਗਿਆ।
ਮੋਰਚੇ ਦੇ ਆਗੂਆਂ ਰਾਜਿੰਦਰ ਕੁਮਾਰ, ਸੁਖਬੀਰ ਸਿੰਘ, ਅਸ਼ਵਨੀ ਕੁਮਾਰ, ਬਲਵਿੰਦਰ ਸਿੰਘ, ਰਘੁਬੀਰ ਚੰਦ, ਧਰਮਿੰਦਰ ਸਿੰਘ ਰਾਹੀ, ਰੰਜੀਤ ਮਿਸ਼ਰਾ, ਰਾਜਿੰਦਰ ਕਟੋਚ, ਬਿਪਿਨ ਸ਼ੇਰ ਸਿੰਘ, ਹਰਕੇਸ਼ ਚੰਦ, ਰਾਜਿੰਦਰ ਕੁਮਾਰ, ਗੋਪਾਲ ਦੱਤ ਜੋਸ਼ੀ ਆਦਿ ਦੀ ਅਗਵਾਈ ਹੇਠ ਹੋਈ ਇਸ ਮੀਟਿੰਗ ਵਿੱਚ ਪ੍ਰਸ਼ਾਸਨ ਦੇ ਮੁਲਾਜ਼ਮਾਂ ਪ੍ਰਤੀ ਦੋਗਲੇ ਵਿਵਹਾਰ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ ਗਈ।