ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 26 ਅਪਰੈਲ
ਚੰਡੀਗੜ੍ਹ ਸਮਾਰਟ ਸਿਟੀ ਲਿਮਟਿਡ ਦੀ ਮੁੱਖ ਕਾਰਜਕਾਰੀ ਅਧਿਕਾਰੀ ਅਨਿੰਦਿਤਾ ਮਿਤਰਾ ਨੇ ਪਟਿਆਲਾ ਫਾਊਂਡੇਸ਼ਨ ਦੇ ਚੀਫ਼ ਫੰਕਸ਼ਨਰੀ ਰਵੀ ਸਿੰਘ ਆਹਲੂਵਾਲੀਆ ਤੇ ਹੋਰਨਾਂ ਦੀ ਮੌਜੂਦਗੀ ਵਿੱਚ ਅੱਜ ਇੱਥੇ ਸਾਈਕਲ ਸੁਰੱਖਿਆ ਮੁਹਿੰਮ ਦੀ ਸ਼ੁਰੂਆਤ ਕੀਤੀ। ਇਸ ਮੌਕੇ ਸੈਕਟਰ-17 ਵਿੱਚ ਸਾਈਕਲਾਂ ’ਤੇ ਰਿਫਲੈਕਟਰ ਲਗਾਏ ਗਏ। ਸ੍ਰੀਮਤੀ ਮਿਤਰਾ ਨੇ ਕਿਹਾ ਕਿ ਇਹ ਮੁਹਿੰਮ ਸਾਈਕਲ ਸਵਾਰਾਂ ਨੂੰ ਸੜਕ ਹਾਦਸਿਆਂ ਤੋਂ ਬਚਾਉਣ ਲਈ ਸ਼ੁਰੂ ਕੀਤੀ ਗਈ ਹੈ। ਸਾਈਕਲ ਚਲਾਉਣ ਵਾਲੇ ਬਹੁਤ ਲੋਕ ਹਾਦਸਿਆਂ ਦਾ ਸ਼ਿਕਾਰ ਹੋ ਜਾਂਦੇ ਹਨ ਕਿਉਂਕਿ ਸਾਈਕਲ ਹਨੇਰੇ ਵਿੱਚ ਜਾਂ ਧੁੰਦ ਵਿੱਚ ਦਿਖਾਈ ਨਹੀਂ ਦਿੰਦੇ। ਰਿਫਲੈਕਟਰਾਂ ਨਾਲ ਸਾਈਕਲਾਂ ਨੂੰ ਦੇਖਿਆ ਜਾ ਸਕੇਗਾ। ਚੰਡੀਗੜ੍ਹ ਸਮਾਰਟ ਸਿਟੀ ਪ੍ਰਾਜੈਕਟ ਦੇ ਵਲੰਟੀਅਰ ਅਜਿਹੇ ਸਟਿੱਕਰ ਲੇਬਰ ਚੌਕ, ਮਨੀਮਾਜਰਾ, ਮਲੋਆ ਅਤੇ ਹੋਰ ਹਿੱਸਿਆਂ ਵਿੱਚ ਸਾਈਕਲਾਂ ’ਤੇ ਲਗਾਉਣਗੇ।