ਪੀ.ਪੀ. ਵਰਮਾ
ਪੰਚਕੂਲਾ, 26 ਅਕਤੂਬਰ
ਆਂਗਣਵਾੜੀ ਵਰਕਰਾਂ ਅਤੇ ਹੈਲਪਰ ਯੂਨੀਅਨ ਵੱਲੋਂ ਅੱਜ ਪੰਚਕੂਲਾ ਵਿੱਚ ਬਾਲ ਵਿਕਾਸ ਅਤੇ ਮਹਿਲਾ ਭਲਾਈ ਡਾਇਰੈਕਟਰ ਦੇ ਦਫ਼ਤਰ ਦਾ ਘਿਰਾਓ ਕੀਤਾ ਗਿਆ ਅਤੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਯੂਨੀਅਨ ਨੇ ਮੰਗ ਕੀਤੀ ਕਿ ਆਂਗਣਵਾੜੀ ਵਰਕਰਾਂ ਦੀ ਰੋਕੀ ਗਈ ਤਨਖਾਹ ਬਹਾਲ ਕੀਤੀ ਜਾਵੇ। ਯੂਨੀਅਨ ਦੀ ਪ੍ਰਧਾਨ ਊਸ਼ਾ ਰਾਣੀ ਨੇ ਮੰਗ ਕੀਤੀ ਕਿ ਉਨ੍ਹਾਂ ਨੂੰ ਉਸੇ ਤਰਜ਼ ’ਤੇ ਪੈਨਸ਼ਨ ਦਿੱਤੀ ਜਾਵੇ, ਜਿਵੇਂ ਬਾਕੀ ਮੁਲਾਜ਼ਮਾਂ ਨੂੰ ਦਿੱਤੀ ਜਾਂਦੀ ਹੈ। ਨੌਕਰੀ ਤੋਂ ਬਰਖਾਸਤ ਕੀਤੀਆਂ ਆਂਗਣਵਾੜੀ ਵਰਕਰਾਂ ਨੂੰ ਮੁੜ ਨੌਕਰੀ ’ਤੇ ਰੱਖਿਆ ਜਾਵੇ। ਆਂਗਣਵਾੜੀ ਵਰਕਰਾਂ ਨੂੰ ਖਾਣਾ ਬਣਾਉਣ ਲਈ ਸਿਲੰਡਰ ਦੀ ਸਪਲਾਈ ਵਿਭਾਗ ਵੱਲੋਂ ਕੀਤੀ ਜਾਵੇ। ਵਰਕਰਾਂ ਦੀ ਛਾਂਟੀ ਬੰਦ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਆਂਗਣਵਾੜੀ ਵਰਕਰ ਜਾਂ ਹੈਲਪਰ ਦੀ ਨੌਕਰੀ ਦੌਰਾਨ ਮੌਤ ਹੋਣ ਮਗਰੋਂ ਉਸਦੇ ਪਰਿਵਾਰ ਨੂੰ 50 ਲੱਖ ਰੁਪਏ ਦਾ ਮੁਆਵਜ਼ਾ ਦਿੱਤਾ ਜਾਵੇ। ਧਰਨੇ ਨੂੰ ਮਹਿਲਾ ਆਗੂ ਊਸ਼ਾ ਰਾਣੀ, ਸੁਮਿੱਤਰਾ ਰਾਣੀ, ਸਰੋਜ ਰਾਣਾ, ਸੁਸ਼ੀਲ ਰਾਣਾ, ਸੀਮਾ ਰਾਣੀ, ਲਕਛਮੀ ਅਤੇ ਮਧੂ ਰਾਣੀ ਨੇ ਸੰਬੋਧਨ ਕੀਤਾ।