ਕੁਲਦੀਪ ਸਿੰਘ
ਚੰਡੀਗੜ੍ਹ, 15 ਨਵੰਬਰ
ਆਂਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ (ਸੀਟੂ) ਵੱਲੋਂ ‘ਆਈ.ਸੀ.ਡੀ.ਐੱਸ. ਬਚਾਓ-ਬਚਪਨ ਬਚਾਓ’ ਨੂੰ ਲੈ ਕੇ ਸੈਕਟਰ 34 ਸਥਿਤ ਸਮਾਜਿਕ ਸੁਰੱਖਿਆ ਇਸਤਰੀ ਅਤੇ ਬਾਲ ਵਿਕਾਸ ਵਿਭਾਗ ਪੰਜਾਬ ਦੇ ਮੁੱਖ ਦਫ਼ਤਰ ਅੱਗੇ ਪੱਕੇ ਮੋਰਚੇ ਵਿੱਚ ਅੱਜ ਭਾਂਡੇ ਖੜਕਾ ਕੇ ਆਪਣੇ ਰੋਸ ਦਾ ਇਜ਼ਹਾਰ ਕੀਤਾ ਗਿਆ ਅਤੇ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਜਥੇਬੰਦੀ ਦੇ ਸੂਬਾਈ ਜਨਰਲ ਸਕੱਤਰ ਸੁਭਾਸ਼ ਰਾਣੀ ਨੇ ਕਿਹਾ ਕਿ ਪੰਜਾਬ ਸਰਕਾਰ ਵੀ ਕੇਂਦਰ ਸਰਕਾਰ ਦੇ ਪੈਰ ’ਤੇ ਪੈਰ ਧਰਦਿਆਂ ਲੋਕ ਭਲਾਈ ਲਈ ਚਲਾਈਆਂ ਸਕੀਮਾਂ ਨੂੰ ਖ਼ਤਮ ਕਰਨਾ ਚਾਹੁੰਦੀ ਹੈ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਪ੍ਰੀ-ਪ੍ਰਾਇਮਰੀ ਕਲਾਸਾਂ ਆਂਗਣਵਾੜੀ ਕੇਂਦਰ ਵਿੱਚ ਵਾਪਿਸ ਕੀਤੀਆਂ ਜਾਣ, ਐਡਵਾਈਜ਼ਰੀ ਬੋਰਡ ਅਤੇ ਚਾਈਲਡ ਵੈੱਲਫੇਅਰ ਕੌਂਸਲ ਅਧੀਨ ਚੱਲਦੇ ਆਂਗਨਵਾੜੀ ਕੇਂਦਰ ਤੁਰੰਤ ਵਿਭਾਗ ਵਿੱਚ ਵਾਪਸ ਲਏ ਜਾਣ। ਉਨ੍ਹਾਂ ਕਿਹਾ ਕਿ ਜੇਕਰ ਮੰਗਾਂ ਦਾ ਹੱਲ ਨਾ ਕੀਤਾ ਗਿਆ ਤਾਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ। ਅੱਜ ਦੇ ਪੱਕੇ ਮੋਰਚੇ ਦੇ 35ਵੇਂ ਦਿਨ ਬਲਾਕ ਰੁੜਕਾ ਦੀਆਂ ਵਰਕਰ ਹੈਲਪਰਾਂ ਨੇ ਪੂਨਮ ਦੀ ਅਗਵਾਈ ਵਿੱਚ ਭਾਗ ਲਿਆ।