ਪੱਤਰ ਪ੍ਰੇਰਕ
ਐੱਸ.ਏ.ਐੱਸ. ਨਗਰ (ਮੁਹਾਲੀ), 16 ਜੂਨ
ਸੂਬਾ ਸਰਕਾਰ ਨੇ ਆਂਗਨਵਾੜੀ ਵਰਕਰਾਂ ਅਤੇ ਹੈਲਪਰਾਂ ਨੂੰ ਪਿੰਡਾਂ ਵਿੱਚ ਘਰ-ਘਰ ਜਾ ਕੇ ਜਾਗਰੂਕਤਾ ਦਾ ਹੋਕਾ ਦੇਣ ਲਈ ਡਿਊਟੀਆਂ ਲਗਾਈਆਂ ਗਈਆਂ ਹਨ ਪਰ ਉਨ੍ਹਾਂ ਨੂੰ ਕੋਈ ਸੁਰੱਖਿਆ ਕਿੱਟ ਮੁਹੱਈਆ ਨਹੀਂ ਕਰਵਾਈ ਗਈ, ਜਿਸ ਕਾਰਨ ਇਹ ਬੀਬੀਆਂ ਆਪਣੀ ਜਾਨ ਜੋਖ਼ਮ ਵਿੱਚ ਪਾ ਕੇ ਡਿਊਟੀ ਨਿਭਾਉਣ ਲਈ ਮਜਬੂਰ ਹਨ। ਆਲ ਪੰਜਾਬ ਆਂਗਨਵਾੜੀ ਮੁਲਾਜ਼ਮ ਯੂਨੀਅਨ ਦੀ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਨੇ ਕਿਹਾ ਕਿ ਉਂਜ ਤਾਂ ਸਰਕਾਰ ਕਰੋਨਾ ਖ਼ਿਲਾਫ਼ ਜੰਗ ਲੜਨ ਵਾਲਿਆਂ ਨੂੰ ਕਰੋਨਾ ਯੋਧੇ ਦਾ ਖ਼ਿਤਾਬ ਦੇ ਕੇ ਨਿਵਾਜ਼ ਰਹੀ ਹੈ ਪਰ ਇਸ ਖ਼ਤਰਨਾਕ ਮਹਾਮਾਰੀ ਖ਼ਿਲਾਫ਼ ਜੰਗ ਲੜਨ ਵਾਲੇ ਇਨ੍ਹਾਂ ਯੋਧਿਆਂ ਕੋਲ ਸੁਰੱਖਿਆ ਕਿੱਟ ਨਾਮੀ ਕੋਈ ਹਥਿਆਰ ਨਹੀਂ ਹੈ। ਸਰਕਾਰ ਨੇ ਮਿਸ਼ਨ ਫਤਿਹ ਤਹਿਤ ਇਨ੍ਹਾਂ ਵਰਕਰਾਂ/ਹੈਲਪਰਾਂ ਦੀ ਡਿਊਟੀ ਲੋਕਾਂ ਨੂੰ ਇਸ ਬਿਮਾਰੀ ਤੋਂ ਜਾਗਰੂਕ ਕਰਨ ਲਈ ਲਗਾਈ ਹੈ ਪਰ ਕੋਈ ਸਾਜੋ-ਸਮਾਨ ਨਹੀਂ ਦਿੱਤਾ। ਇੱਥੋਂ ਤੱਕ ਕਿ ਸੈਨੇਟਾਈਜ਼ਰ ਅਤੇ ਦਸਤਾਨੇ ਵੀ ਨਹੀਂ ਦਿੱਤੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਦੀ ਕਹਿਣੀ ਅਤੇ ਕਥਨੀ ਵਿੱਚ ਜ਼ਮੀਨ ਅਸਮਾਨ ਦਾ ਅੰਤਰ ਹੈ। ਹਾਸੋਹੀਣੀ ਗੱਲ ਤਾਂ ਇਹ ਹੈ ਕਿ ਸਰਕਾਰ ਨੇ ਡਿਊਟੀ ਦੌਰਾਨ ਵਰਕਰਾਂ ਨੂੰ ਵਰਦੀ ਅਤੇ ਬੈਜ ਲਗਾਉਣ ਦੇ ਹੁਕਮ ਦਿੱਤੇ ਹਨ ਪਰ ਵਰਦੀ ਲਈ ਇਕ ਵਰਕਰ ਨੂੰ ਸਿਰਫ਼ 200 ਰੁਪਏ ਮਿਲਦੇ ਹਨ ਜਦੋਂਕਿ ਇੰਨੇ ਪੈਸਿਆਂ ਵਿੱਚ ਸੂਟ ਦੀ ਸਿਲਾਈ ਵੀ ਨਹੀਂ ਹੁੰਦੀ ਹੈ। ਉਨ੍ਹਾਂ ਮੰਗ ਕੀਤੀ ਕਿ ਆਂਗਨਵਾੜੀ ਵਰਕਰਾਂ/ਹੈਲਪਰਾਂ ਦਾ 50 ਲੱਖ ਰੁਪਏ ਦਾ ਸਿਹਤ ਬੀਮਾ ਕੀਤਾ ਜਾਵੇ।
ਆਂਗਨਵਾੜੀ ਮੁਲਾਜ਼ਮਾਂ ਨੇ ਮਨੀਸ਼ ਤਿਵਾੜੀ ਨੂੰ ਮੰਗ ਪੱਤਰ ਸੌਂਪਿਆ
ਰੂਪਨਗਰ, (ਪੱਤਰ ਪ੍ਰੇਰਕ): ਆਂਗਨਵਾੜੀ ਮੁਲਾਜ਼ਮ ਯੂਨੀਅਨ ਪੰਜਾਬ (ਸੀਟੂ) ਦੇ ਸੂਬਾ ਸਕੱਤਰ ਗੁਰਦੀਪ ਕੌਰ ਦੀ ਪ੍ਰਧਾਨਗੀ ਹੇਠ ਸ੍ਰੀ ਆਨੰਦਪੁਰ ਸਾਹਿਬ ਦੇ ਸੰਸਦ ਮੈਂਬਰ ਮਨੀਸ਼ ਤਿਵਾੜੀ ਨੂੰ ਮੰਗ ਪੱਤਰ ਦਿੱਤਾ ਗਿਆ। ਯੂਨੀਅਨ ਆਗੂਆਂ ਨੇ ਰੂਪਨਗਰ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਆਂਗਨਵਾੜੀ ਵਰਕਰਾਂ ਹੈਲਪਰਾਂ ਦਾ 50 ਲੱਖ ਦਾ ਬੀਮਾ ਕੀਤਾ ਜਾਵੇ। ਅਕਤੂਬਰ ਦਾ ਕੱਟਿਆ ਹੋਇਆ ਮਾਨ ਭੱਤਾ ਦਿੱਤਾ ਜਾਵੇ।