ਨਿੱਜੀ ਪੱਤਰ ਪ੍ਰੇਰਕ
ਡੇਰਾਬੱਸੀ, 28 ਅਪਰੈਲ
ਇਥੋਂ ਦੇ ਮੁਬਾਰਿਕਪੁਰ ਖੇਤਰ ਵਿੱਚ ਪੈਂਦੇ ਰੇਲਵੇ ਅੰਡਰਪਾਥ ’ਤੇ ਵਾਪਰੇ ਸੜਕ ਹਾਦਸੇ ਵਿੱਚ ਅੱਜ ਅਣਪਛਾਤੇ ਵਿਅਕਤੀ ਦੀ ਮੌਤ ਹੋ ਗਈ। ਪੁਲੀਸ ਨੇ ਲਾਸ਼ ਸਿਵਲ ਹਸਪਤਾਲ ਡੇਰਾਬੱਸੀ ਦੇ ਮੁਰਦਾਘਰ ਵਿੱਚ ਰਖਵਾ ਦਿੱਤੀ ਹੈ। ਹਾਦਸੇ ਤੋਂ ਬਾਅਦ ਵਾਹਨ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ। ਪੁਲੀਸ ਨੇ ਕੇਸ ਦਰਜ ਕਰ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਹਾਦਸਾ ਪੀੜਤ ਵਿਅਕਤੀ ਪੈਦਲ ਹੀ ਤ੍ਰਿਵੇਦੀ ਕੈਂਪ ਵੱਲ ਜਾ ਰਿਹਾ ਸੀ। ਜਦੋਂ ਉਹ ਅੰਡਰਪਾਥ ਤੋਂ ਬਾਹਰ ਨਿਕਲਣ ਲੱਗਾ ਤਾਂ ਅਣਪਛਾਤੇ ਵਾਹਨ ਨੇ ਉਸ ਨੂੰ ਦਰੜ ਦਿੱਤਾ। ਹਾਦਸੇ ਮਗਰੋਂ ਕੌਂਸਲਰ ਮਨਵਿੰਦਰ ਸਿੰਘ ਟੋਨੀ ਰਾਣਾ ਦੀ ਅਗਵਾਈ ਹੇਠ ਮੁਬਾਰਿਕਪੁਰ ਵਾਸੀਆਂ ਵੱਲੋਂ ਧਰਨਾ ਦਿੱਤਾ ਗਿਆ। ਟੋਨੀ ਰਾਣਾ ਨੇ ਕਿਹਾ ਕਿ ਅੰਡਰਪਾਥ ਦੀ ਸਫ਼ਾਈ ਨਾ ਹੋਣ ਕਾਰਨ ਧੂੜ ਉੱਡਦੀ ਰਹਿੰਦੀ ਹੈ ਅਤੇ ਨਿੱਤ ਦਿਹਾੜੇ ਹਾਦਸੇ ਵਾਪਰਦੇ ਹਨ।