ਟ੍ਰਬਿਿਓੂਨ ਨਿਓੂਜ਼ ਸਰਵਿਸ
ਚੰਡੀਗੜ੍ਹ, 17 ਅਗਸਤ
ਟਰਾਈਸਿਟੀ ਫੋਟੋ ਆਰਟ ਸੁਸਾਇਟੀ ਚੰਡੀਗੜ੍ਹ (ਤਪਸ) ਕਰੋਨਾ ਮਹਾਮਾਰੀ ਦੇ ਮੱਦੇਨਜ਼ਰ ਵਿਸ਼ਵ ਫੋਟੋਗ੍ਰਾਫੀ ਦਿਵਸ ’ਤੇ ਸੰਗਠਨ ਦੇ ਮੈਂਬਰਾਂ ਦੀ ਸਾਲਾਨਾ ਫੋਟੋ ਪ੍ਰਦਰਸ਼ਨੀ ‘ਦ੍ਰਿਸ਼ਟੀ -2020’ ਆਨਲਾਈਨ ਲਗਾ ਰਹੀ ਹੈ। ਆਨਲਾਈਨ ਪ੍ਰਦਰਸ਼ਨੀ ਅਤੇ ਵੱਖ-ਵੱਖ ਵਰਕਸ਼ਾਪਾਂ 18 ਤੋਂ 20 ਅਗਸਤ ਤੱਕ ਹੋਣਗੀਆਂ, ਜਿਨ੍ਹਾਂ ਦਾ ਉਦਘਾਟਨ ਉੱਘੇ ਫੋਟੋਗ੍ਰਾਫਰ ਅਤੇ ਭਾਰਤੀ ਫੋਟੋਗ੍ਰਾਫੀ ਫੈਡਰੇਸ਼ਨ ਦੇ ਸਕੱਤਰ ਜਨਰਲ ਡਾ. ਬਰੁਣ ਸਿਨਹਾ 18 ਅਗਸਤ ਨੂੰ ਸਵੇਰੇ 11:30 ਵਜੇ ਕਰਨਗੇ। ਜਦਕਿ ਫੈਡਰੇਸ਼ਨ ਆਫ਼ ਇੰਡੀਅਨ ਫੋਟੋਗ੍ਰਾਫੀ ਦੇ ਮੀਤ ਪ੍ਰਧਾਨ ਅਦਿਤ ਅਗਰਵਾਲਾ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕਰਨਗੇ। ਜ਼ਿਕਰਯੋਗ ਹੈ ਕਿ ਤਪਸ ਪਿਛਲੇ 6 ਸਾਲਾਂ ਤੋਂ ਵਿਸ਼ਵ ਫੋਟੋਗ੍ਰਾਫੀ ਦਿਵਸ ’ਤੇ ਫੋਟੋ ਪ੍ਰਦਰਸ਼ਨੀ ਲਗਾ ਰਹੀ ਹੈ। ਇਸ ਵਾਰ ਇਸ ਪ੍ਰਦਰਸ਼ਨੀ ਵਿੱਚ 27 ਫੋਟੋ-ਕਲਾਕਾਰਾਂ ਦੀਆਂ 135 ਫੋਟੋਆਂ ਈ-ਬੁੱਕ ਰੂਪ ’ਚ ਪੇਸ਼ ਕੀਤੀਆਂ ਗਈਆਂ ਹਨ, ਜਿਹੜੀਆਂ ਸੁਸਾਇਟੀ ਦੀ ਵੈੱਬਸਾਈਟ ਅਤੇ ਫੇਸਬੁੱਕ ’ਤੇ ਵੇਖੀਆਂ ਜਾ ਸਕਦੀਆਂ ਹਨ। ਤਪਸ ਦੇ ਪ੍ਰਧਾਨ ਵਿਨੋਦ ਚੌਹਾਨ ਅਤੇ ਪ੍ਰਦਰਸ਼ਨੀ ਦੇ ਚੇਅਰਮੈਨ ਪ੍ਰਵੀਨ ਜੱਗੀ ਨੇ ਦੱਸਿਆ ਕਿ ਪ੍ਰਦਰਸ਼ਨੀ ਦੌਰਾਨ 18, 19 ਅਤੇ 20 ਅਗਸਤ ਨੂੰ ਤਿੰਨ ਓਪਨ ਵਰਕਸ਼ਾਪ ਵੀ ਲਗਾਈਆਂ ਜਾਣਗੀਆਂ। ਜਿਨ੍ਹਾਂ ਨੂੰ ਸਾਈਪ੍ਰਸ ਦੀ ਅੰਤਰਰਾਸ਼ਟਰੀ ਪੱਧਰ ਦੇ ਫੋਟੋਗ੍ਰਾਫਰ ਬੁਕੇਟ ਓਜਾਤੇ ਤੋਂ ਇਲਾਵਾ ਮਸ਼ਹੂਰ ਫੋਟੋਗ੍ਰਾਫਰ ਸੀ.ਆਰ. ਸਥਿਯਾਨਰਾਇਣ ਅਤੇ ਅਰੁਣ ਖੰਨਾ ਸੰਬੋਧਨ ਕਰਨਗੇ।