ਮੁਕੇਸ਼ ਕੁਮਾਰ
ਚੰਡੀਗੜ੍ਹ, 17 ਸਤੰਬਰ
ਚੰਡੀਗੜ੍ਹ ਨਗਰ ਨਿਗਮ ਨੇ ਸ਼ਹਿਰ ਦਾ ਸਵੱਛਤਾ ਦਰਜਾ ਪਹਿਲੇ ਨੰਬਰ ’ਤੇ ਲਿਆਉਣ ਲਈ ਕਮਰ ਕੱਸ ਲਈ ਹੈ। ਨਿਗਮ ਨੇ ਸ਼ਹਿਰ ਦੀ ਨੌਜਵਾਨ ਪੀੜ੍ਹੀ ਨੂੰ ਸਵੱਛਤਾ ਮਿਸ਼ਨ ਨਾਲ ਜੋੜ ਕੇ ‘ਸਵੱਛ ਅੰਮ੍ਰਿਤ ਮਹਾ ਉਤਸਵ’ ਦੀ ਸ਼ੁਰੂਆਤ ਕੀਤੀ ਹੈ। ਇਹ ਮਹਾ ਉਤਸਵ 2 ਅਕਤੂਬਰ ਤੱਕ ਜਾਰੀ ਰਹੇਗਾ। ਅੱਜ ਇਸ ਦੀ ਸ਼ੁਰੂਆਤ ਅੱਜ ਜਾਗਰੂਕਤਾ ਰੈਲੀ ਨਾਲ ਹੋਈ।
ਚੰਡੀਗੜ੍ਹ ਨਗਰ ਨਿਗਮ ਕਮਿਸ਼ਨਰ ਆਨੰਦਿਤਾ ਮਿੱਤਰਾ ਨੇ ਦੱਸਿਆ ਕਿ ਇਹ ਪੰਦਰਵਾੜਾ ਅੱਜ ਤੋਂ ‘ਸੇਵਾ ਦਿਵਸ’ ਵਜੋਂ ਸ਼ੁਰੂ ਹੋਵੇਗਾ ਅਤੇ 2 ਅਕਤੂਬਰ ਸਵੱਛਤਾ ਦਿਵਸ ਤੱਕ ਚੱਲੇਗਾ। ਇਸ ਪੰਦਰਵਾੜੇ ਦੌਰਾਨ ਕਈ ਤਰ੍ਹਾਂ ਦੇ ਜਾਗਰੂਕਤਾ ਪ੍ਰੋਗਰਾਮ ਕਰਵਾਏ ਜਾਣਗੇ। ਦੇਸ਼ ਭਰ ਵਿੱਚ ਸ਼ੁਰੂ ਕੀਤੀ ਗਈ ‘ਇੰਡੀਅਨ ਸਵੱਛਤਾ ਲੀਗ’ ਤਹਿਤ ਸ਼ਹਿਰ ਦੀ ਟੀਮ ‘ਚੰਡੀਗੜ੍ਹ ਚੈਂਪੀਅਨ’ ਵੀ ਸ਼ਹਿਰ ਵਾਸੀਆਂ ਨੂੰ ਸਫ਼ਾਈ ਪ੍ਰਤੀ ਜਾਗਰੂਕ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਦੇਸ਼ ਦੇ 1850 ਸ਼ਹਿਰ ਇਸ ਵਿੱਚ ਹਿੱਸਾ ਲੈ ਰਹੇ ਹਨ। ਇਸੇ ਤਹਿਤ ਅੱਜ ਸ਼ਹਿਰ ਵਿੱਚ ਸਫ਼ਾਈ ਮੁਹਿੰਮ ਸਬੰਧੀ ਜਾਗਰੂਕਤਾ ਰੈਲੀ ਕੱਢੀ ਗਈ। ਇਸ ਦੇ ਨਾਲ ਹੀ ਇੱਥੇ ਸੈਕਟਰ 16 ਸਥਿਤ ਰੋਜ਼ ਗਾਰਡਨ ਵਿੱਚ ਵੀ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਨਿਗਮ ਮੁਲਾਜ਼ਮਾਂ, ਵਿਦਿਆਰਥੀਆਂ, ਗੈਰ ਸਰਕਾਰੀ ਸੰਸਥਾਵਾਂ ਆਦਿ ਨਾਲ ਜੁੜੇ ਲੋਕਾਂ ਨੇ ਚੰਡੀਗੜ੍ਹ ਦਾ ਮਨੁੱਖੀ ਲੋਗੋ ਬਣਾਇਆ। ਇਸ ਵਿੱਚ ਲਗਪਗ 2 ਹਜ਼ਾਰ ਵਿਅਕਤੀਆਂ ਨੇ ਹਿੱਸਾ ਲਿਆ। ਇਸ ਦੌਰਾਨ ਭਾਗੀਦਾਰਾਂ ਨੇ ਚਾਰ ਤਰ੍ਹਾਂ ਦੇ ਕੂੜੇ ਨੂੰ ਦਰਸਾਉਂਦੇ ਰੰਗ-ਬਿਰੰਗੇ ਕੱਪੜੇ ਪਹਿਨ ਕੇ ਸ਼ਹਿਰ ਵਾਸੀਆਂ ਨੂੰ ਕੂੜੇ ਨੂੰ ਅਲੱਗ-ਅਲੱਗ ਰੱਖਣ ਲਈ ਪ੍ਰੇਰਿਤ ਕੀਤਾ। ਇਸ ਵਿੱਚ ਸੁੱਕਾ, ਗਿੱਲਾ, ਸੈਨੇਟਰੀ ਅਤੇ ਖਤਰਨਾਕ ਕੂੜਾ ਸ਼ਾਮਲ ਹਨ। ਨਿਗਮ ਨੇ ‘ਹਰ ਦਿਨ ਚਾਰ ਡਸਟਬਿਨ’ ਦੇ ਨਾਂ ਹੇਠ ਜਾਗਰੂਕਤਾ ਮੁਹਿੰਮ ਵੀ ਸ਼ੁਰੂ ਕੀਤੀ ਹੈ।
ਨਿਗਮ ਨੇ ਪਹਿਲਾਂ ਹੀ ਸ਼ਹਿਰ ਵਾਸੀਆਂ ਨੂੰ ਇਨ੍ਹਾਂ 4 ਸ਼੍ਰੇਣੀਆਂ ਦੇ ਕੂੜੇ ਲਈ 4 ਬਾਲਟੀਆਂ ਰੱਖਣ ਲਈ ਕਿਹਾ ਹੈ। ਠੋਸ ਰਹਿੰਦ-ਖੂੰਹਦ ਪ੍ਰਬੰਧਨ ਨਿਯਮਾਂ, 2016 ਦੇ ਤਹਿਤ ਕੂੜੇ ਨੂੰ ਵੱਖ ਕਰਨਾ ਲਾਜ਼ਮੀ ਹੈ। ਨਿਗਮ ਦੇ ਕਮਿਸ਼ਨਰ ਨੇ ਸ਼ਹਿਰ ਵਾਸੀਆਂ ਨੂੰ ਕਿਹਾ ਕਿ ਇਹ ਉਨ੍ਹਾਂ ਦਾ ਆਪਣਾ ਸ਼ਹਿਰ ਹੈ ਅਤੇ ਇਸ ਨੂੰ ਸਾਫ਼-ਸਫ਼ਾਈ ਵਿੱਚ ਪਹਿਲੇ ਨੰਬਰ ’ਤੇ ਲਿਆਉਣ ਲਈ ਸਾਰਿਆਂ ਨੂੰ ਸਖ਼ਤ ਮਿਹਨਤ ਕਰਨੀ ਪਵੇਗੀ।
ਚੰਡੀਗੜ੍ਹ ਦੀ ਮੇਅਰ ਸਰਬਜੀਤ ਕੌਰ ਨੇ ਕਿਹਾ ਕਿ ਨਿਗਮ ਸ਼ਹਿਰ ਵਿੱਚ ਸਫਾਈ ਨੂੰ ਲੈ ਕੇ ਆਪਣਾ 50 ਫੀਸਦੀ ਕੰਮ ਕਰ ਰਿਹਾ ਹੈ, ਪਰ ਬਾਕੀ 50 ਫੀਸਦੀ ਕੰਮ ਸ਼ਹਿਰ ਵਾਸੀਆਂ ਵੱਲੋਂ ਕੀਤਾ ਜਾਂਦਾ ਹੈ। ਮੇਅਰ ਨੇ ਕਿਹਾ ਕਿ ਹਾਲ ਹੀ ’ਚ ਉਹ ਇੰਦੌਰ ਦੇ ਦੌਰੇ ’ਤੇ ਸਨ, ਇਸ ਦੌਰਾਨ ਉਨ੍ਹਾਂ ਨੇ ਦੇਖਿਆ ਕਿ ਉਸ ਸ਼ਹਿਰ ਦੇ ਸਵੱਛਤਾ ’ਚ ਅੱਵਲ ਹੋਣ ਪਿੱਛੇ ਲੋਕਾਂ ਦਾ ਵੱਡਾ ਯੋਗਦਾਨ ਹੈ। ਅਜਿਹੇ ਵਿੱਚ ਲੋਕਾਂ ਨੂੰ ਵੀ ਆਪਣੀ ਜ਼ਿੰਮੇਵਾਰੀ ਸਮਝਣੀ ਪਵੇਗੀ।