ਕਰਮਜੀਤ ਸਿੰਘ ਚਿੱਲਾ
ਬਨੂੜ, 4 ਦਸੰਬਰ
ਇੱਥੋਂ ਦੇ ਵਾਰਡ ਨੰਬਰ ਤਿੰਨ ਵਿੱਚ ਵਾਲਮੀਕਿ ਬਸਤੀ ਦੇ ਨੇੜੇ ਬਣਾਏ ਜਾ ਰਹੇ ਕਮਿਊਨਿਟੀ ਸੈਂਟਰ ਅਤੇ ਡਾ ਬੀਆਰ ਅੰਬੇਦਕਰ ਭਵਨ ਦੀ ਥਾਂ ਨੂੰ ਲੈ ਕੇ ਚੱਲ ਰਿਹਾ ਰੇੜਕਾ ਅੱਜ ਸ਼ਾਮੀਂ ਡੀਐਸਪੀ ਘਨੌਰ ਜਸਵਿੰਦਰ ਸਿੰਘ ਟਿਵਾਣਾ, ਥਾਣਾ ਮੁਖੀ ਹਰਜਿੰਦਰ ਸਿੰਘ, ਨਗਰ ਕੌਂਸਲ ਪ੍ਰਧਾਨ ਜਗਤਾਰ ਸਿੰਘ ਕੰਬੋਜ, ਮਾਰਕੀਟ ਕਮੇਟੀ ਦੇ ਚੇਅਰਮੈਨ ਕੁਲਵਿੰਦਰ ਸਿੰਘ ਭੋਲਾ, ਕੌਂਸਲਰ ਸੁਰਿੰਦਰ ਸਿੰਘ ਸੋਨੀ ਸੰਧੂ ਆਦਿ ਦੀ ਹਾਜ਼ਰੀ ਵਿੱਚ ਹੱਲ ਹੋ ਗਿਆ। ਇਸ ਮੌਕੇ ਵਾਲਮੀਕ ਭਾਈਚਾਰੇ ਦੇ ਮੋਹਤਬਰਾਂ ਦੇ ਮੋਹਤਬਰ ਫ਼ਕੀਰ ਚੰਦ, ਬੁੱਧ ਰਾਮ, ਲਾਲੀ, ਰੋਹਿਤ, ਮਹਿੰਦਰ ਕੌਰ, ਸੰਗੀਤਾ, ਮਾਇਆ ਰਾਣੀ ਨੇ ਕਿਹਾ ਕਿ ਗੁੱਗਾਮਾੜੀ ਤੇ ਵਾਲਮੀਕ ਬਸਤੀ ਵਿਚਕਾਰ ਡਾ ਅੰਬੇਡਕਰ ਭਵਨ ਲਈ ਕੌਂਸਲ ਵੱਲੋਂ 4 ਵਿੱਘੇ ਥਾਂ ਮਨਜ਼ੂਰ ਕੀਤੀ ਸੀ। ਉਨ੍ਹਾਂ ਕਿਹਾ ਹੁਣ ਇਸੇ ਥਾਂ ਉੱਤੇ ਕਮਿਊਨਿਟੀ ਸੈਂਟਰ ਦੀ ਉਸਾਰੀ ਕੀਤੀ ਜਾ ਰਹੀ ਹੈ। ਅਧਿਕਾਰੀਆਂ ਨੇ ਮਾਮਲੇ ਨੂੰ ਸ਼ਾਂਤ ਕਰਦਿਆਂ ਦੱਸਿਆ ਕਿ ਹੁਣ ਕਮਿਊਨਿਟੀ ਸੈਂਟਰ ਤੇ ਅੰਬੇਦਕਰ ਭਵਨ ਲਈ ਅੱਧੋ-ਅੱਧ ਜਗ੍ਹਾ ’ਤੇ ਸਮਝੌਤਾ ਹੋਇਆ ਹੈ। ਡੀਐਸਪੀ ਨੇ ਇਸ ਦੀ ਪੁਸ਼ਟੀ ਕਰਦੇ ਹੋਏ ਦੱਸਿਆ ਕਿ ਸੈਂਟਰ ਤੇ ਭਵਨ ਦੇ ਵਿਚਾਲੇ ਕੰਧ ਉਸਾਰ ਦਿੱਤੀ ਜਾਵੇਗੀ। ਇਸ ਮੌਕੇ ਕੌਂਸਲ ਦੇ ਉੱਪ ਪ੍ਰਧਾਨ ਜਗਦੀਸ਼ ਕਾਲਾ, ਜਤਿੰਦਰ ਗੋਲਡੀ, ਬਲਜੀਤ ਸਿੰਘ ਤੇ ਦਵਿੰਦਰ ਪੁਰੀ ਹਾਜ਼ਰ ਸਨ।