ਮੁਕੇਸ਼ ਕੁਮਾਰ
ਚੰਡੀਗੜ੍ਹ, 17 ਅਕਤੂਬਰ
ਵੱਖ-ਵੱਖ ਦੇਸ਼ਾਂ ਦੇ ਪੰਜ ਰਾਜਦੂਤਾਂ ਦੇ ਵਫ਼ਦ ਨੇ ਅੱਜ ਚੰਡੀਗੜ੍ਹ ਦਾ ਦੌਰਾ ਕੀਤਾ। ਨੀਦਰਲੈਂਡ ਵਿੱਚ ਭਾਰਤ ਦੀ ਰਾਜਦੂਤ ਰੀਨੰਤ ਸੰਧੂ, ਰੂਸ ਵਿੱਚ ਭਾਰਤ ਦੇ ਰਾਜਦੂਤ ਪਵਨ ਕੁਮਾਰ ਪਾਲ, ਤੁਰਕੀ ਵਿੱਚ ਭਾਰਤ ਦੇ ਰਾਜਦੂਤ ਡਾ. ਵਰਿੰਦਰ ਕੁਮਾਰ ਪਾਲ, ਮੰਗੋਲੀਆ ਵਿੱਚ ਭਾਰਤ ਦੇ ਰਾਜਦੂਤ ਮਹਿੰਦਰ ਪ੍ਰਤਾਪ ਸਿੰਘ ਅਤੇ ਟੋਗੋ ਵਿੱਚ ਭਾਰਤ ਦੇ ਰਾਜਦੂਤ ਸੰਜੀਵ ਟੰਡਨ ਅੱਜ ਚੰਡੀਗੜ੍ਹ ਪੁੱਜੇ।
ਨਗਰ ਨਿਗਮ ਚੰਡੀਗੜ੍ਹ ਦੇ ਸੀਨੀਅਰ ਅਧਿਕਾਰੀਆਂ ਵੱਲੋਂ ਪਿੰਡ ਕੈਂਬਵਾਲਾ ਵਿੱਚ ਨਵੇਂ ਬਣੇ ਅੰਮ੍ਰਿਤ ਸਰੋਵਰ ’ਤੇ ਉਨ੍ਹਾਂ ਦਾ ਸਵਾਗਤ ਕੀਤਾ। ਵਫ਼ਦ ਨੂੰ ਦੱਸਿਆ ਗਿਆ ਕਿ ਭਾਰਤ ਦੇ ਪ੍ਰਧਾਨ ਮੰਤਰੀ ਨੇ 24 ਅਪਰੈਲ 2022 ਨੂੰ ਅੰਮ੍ਰਿਤ ਸਰੋਵਰ ’ਤੇ ਮਿਸ਼ਨ ਦੀ ਸ਼ੁਰੂਆਤ ਕੀਤੀ ਸੀ। ਇਸ ਮਿਸ਼ਨ ਦਾ ਉਦੇਸ਼ ਦੇਸ਼ ਦੇ ਹਰੇਕ ਜ਼ਿਲ੍ਹੇ ਵਿੱਚ 75 ਜਲ ਸਰੋਤਾਂ ਨੂੰ ‘ਅਜ਼ਾਦੀ ਕਾ ਅੰਮ੍ਰਿਤ ਮਹਾਉਤਸਵ’ ਮਨਾਉਣ ਦੇ ਹਿੱਸੇ ਵਜੋਂ ਵਿਕਸਿਤ ਕਰਨਾ ਅਤੇ ਮੁੜ ਸੁਰਜੀਤ ਕਰਨਾ ਹੈ। ਚੰਡੀਗੜ੍ਹ ਨਗਰ ਨਿਗਮ ਦੇ ਅਧਿਕਾਰੀਆਂ ਨੇ ਵਫ਼ਦ ਨੂੰ ਅੱਗੇ ਦੱਸਿਆ ਕਿ ਇਸ ਮਿਸ਼ਨ ਤਹਿਤ ਪਿੰਡ ਕੈਂਬਵਾਲਾ ਅਤੇ ਸਾਰੰਗਪੁਰ ਵਿੱਚ ਦੋ ਜਲਘਰ ਪਹਿਲਾਂ ਹੀ ਮੁੜ ਸੁਰਜੀਤ ਹੋ ਚੁੱਕੇ ਹਨ। ਪਿੰਡ ਖੁੱਡਾ ਅਲੀਸ਼ੇਰ ਵਿੱਚ ਤੀਜੇ ਜਲਘਰ ਨੂੰ ਮੁੜ ਸੁਰਜੀਤ ਕਰਨ ਦਾ ਕੰਮ ਚੱਲ ਰਿਹਾ ਹੈ ਅਤੇ ਇਸ ਮਹੀਨੇ ਦੇ ਅੰਤ ਤੱਕ ਮੁਕੰਮਲ ਹੋ ਜਾਵੇਗਾ। ਇਹ ਜਲਘਰ ਰੇਨ ਵਾਟਰ ਹਾਰਵੈਸਟਿੰਗ ਢਾਂਚੇ ਵਜੋਂ ਕੰਮ ਕਰਨਗੇ ਅਤੇ ਧਰਤੀ ਹੇਠਲੇ ਪਾਣੀ ਦੇ ਘਟ ਰਹੇ ਪੱਧਰ ਨੂੰ ਉੱਚਾ ਚੁੱਕਣਗੇ। ਇਹ ਹੜ੍ਹਾਂ ਤੋਂ ਬਚਣ ਵਿੱਚ ਵੀ ਮਦਦ ਕਰਨਗੇ ਅਤੇ ਪਾਣੀ ਦੀ ਸੰਭਾਲ ਵਿੱਚ ਵੀ ਮਦਦ ਕਰਨਗੇ। ਇਹ ਪਿੰਡਾਂ ਦੇ ਵਸਨੀਕਾਂ ਲਈ ਇੱਕ ਮਿਨੀ ਝੀਲ ਅਤੇ ਮਨੋਰੰਜਨ ਕੇਂਦਰ ਵਜੋਂ ਕੰਮ ਕਰੇਗਾ।