ਪੱਤਰ ਪ੍ਰੇਰਕ
ਖਰੜ, 16 ਨਵੰਬਰ
ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ਼ ਦੇ ਝੰਜੇੜੀ ਕੈਂਪਸ ਵਿੱਚ ਕੌਮਾਂਤਰੀ ਡਿਪਲੋਮੈਟ ਮੀਟ-2021 ਕਰਵਾਇਆ ਗਿਆ, ਜਿਸ ਵਿੱਚ ਜ਼ਿੰਬਾਬਵੇ, ਕੀਨੀਆ, ਸੂਡਾਨ, ਨਾਮੀਬੀਆ, ਜ਼ਾਂਬੀਆ, ਅਫ਼ਗ਼ਾਨਿਸਤਾਨ, ਰੋਆਨ, ਆਇਵਰੀ ਕੋਸਟ ਸਮੇਤ ਕੁੱਲ 11 ਦੇਸ਼ਾਂ ਦੇ ਡਿਪਲੋਮੈਟ ਸ਼ਾਮਲ ਹੋਏ। ਮੀਟ ਦਾ ਮੁੱਖ ਉਦੇਸ਼ ਕੌਮਾਂਤਰੀ ਪੱਧਰ ’ਤੇ ਸਿੱਖਿਆ ਦੇ ਪੱਧਰ ਵਿਚ ਆ ਰਹੇ ਬਦਲਾਵਾਂ ਬਾਰੇ ਚਰਚਾ ਕਰਨਾ ਸੀ। ਡਿਪਲੋਮੈਟਸ ਦੇ ਕੈਂਪਸ ਪਹੁੰਚਣ ’ਤੇ ਸੀ ਜੀ ਸੀ ਦੇ ਪ੍ਰਧਾਨ ਰਛਪਾਲ ਸਿੰਘ ਧਾਲੀਵਾਲ ਨੇ ਨਿੱਘਾ ਸਵਾਗਤ ਕੀਤਾ। ਇਸ ਮੌਕੇ ਪੰਜਾਬ ਦੇ ਕੈਬਨਿਟ ਮੰਤਰੀ ਰਾਜ ਕੁਮਾਰ ਵੇਰਕਾ ਮੁੱਖ ਮਹਿਮਾਨ ਸਨ। ਜਦ ਕਿ ਬੱਸੀ ਪਠਾਣਾਂ ਦੇ ਐਮ ਐਲ ਏ ਜੀ ਪੀ ਸਿੰਘ ਖ਼ਾਸ ਮਹਿਮਾਨ ਸਨ। ਵੱਖ-ਵੱਖ ਦੇਸ਼ਾਂ ਦੇ ਸਫ਼ੀਰਾਂ ਨੇ ਆਪੋ-ਆਪਣੇ ਦੇਸ਼ਾਂ ਦੇ ਵਿਦਿਆਰਥੀਆਂ ਦੀ ਸਿੱਖਿਆਂ ਸਬੰਧੀ ਜ਼ਰੂਰਤਾਂ ਅਤੇ ਲੋੜੀਂਦੇ ਬਦਲਾਵਾਂ ਬਾਰੇ ਚਾਨਣਾ ਪਾਇਆ। ਕੈਬਨਿਟ ਮੰਤਰੀ ਸ੍ਰੀ ਵੇਰਕਾ ਨੇ ਰਛਪਾਲ ਧਾਲੀਵਾਲ ਦੇ ਇਸ ਉਪਰਾਲੇ ਦੀ ਪ੍ਰਸੰਸਾ ਕੀਤੀ। ਪ੍ਰੋਗਰਾਮ ਦੌਰਾਨ ਵਿਦਿਆਰਥੀਆਂ ਵੱਲੋਂ ਭਾਰਤੀ ਕਲਾਸਿਕ ਡਾਂਸ, ਸਮਕਾਲੀ ਡਾਂਸ ਅਤੇ ਪੰਜਾਬ ਦੀ ਸ਼ਾਨ ਭੰਗੜੇ ਦੀ ਖ਼ੂਬਸੂਰਤ ਪੇਸ਼ਕਾਰੀ ਕੀਤੀ ਗਈ। ਮੰਤਰੀ ਰਾਜ ਕੁਮਾਰ ਵੇਰਕਾ ਸਣੇ ਸਭ ਦੇਸ਼ਾਂ ਦੇ ਡਿਪਲੋਮੈਟਾਂ ਨੇ ਸਟੇਜ ’ਤੇ ਭੰਗੜਾ ਪਾਇਆ।