ਚੰਡੀਗੜ੍ਹ: ਸੂਬੇ ਦੇ ਪਿੰਡਾਂ ਅਤੇ ਛੋਟੇ ਸ਼ਹਿਰਾਂ ਦੇ ਲੋੜਵੰਦ ਪਰਿਵਾਰਾਂ ਦੇ ਹੋਨਹਾਰ ਵਿਦਿਆਰਥੀਆਂ ਨੂੰ ਸਿੱਖਿਆ ਮੁਹੱਈਆ ਕਰਵਾ ਰਹੇ ‘ਭਾਈ ਜੈਤਾ ਜੀ ਫਾਊਂਡੇਸ਼ਨ’ ’ਚ ਪੜ੍ਹੇ ਲੁਧਿਆਣਾ ਦੇ ਛੋਟੇ ਜਿਹੇ ਪਿੰਡ ਦੇ ਅਮਨਦੀਪ ਸਿੰਘ ਦੀ ਚੋਣ ਅੱਜ ਅਮਰੀਕਾ ਵਿੱਚ ਕੈਲੀਫੋਰਨੀਆ ਦੇ ਲਾਸ ਏਂਜਲਸ ’ਚ ਯੂਨੀਵਰਸਿਟੀ ਆਫ ਸੱਦਰਨ ਕੈਲੀਫੋਰਨੀਆ ਵਿੱਚ ਖੋਜ ਕਾਰਜ ਲਈ ਹੋਈ ਹੈ। ਜਿਥੇ ਉਸ ਨੂੰ 32 ਹਜ਼ਾਰ ਡਾਲਰ ਸਾਲਾਨਾ ਵਜ਼ੀਫਾ ਵੀ ਦਿੱਤਾ ਜਾਵੇਗਾ। ਸੈਕਟਰ-28 ਸਥਿਤ ਕੇਂਦਰੀ ਸਿੰਘ ਸਭਾ ਵਿਚ ਰੱਖੇ ਅਖੰਡ ਪਾਠ ਦੌਰਾਨ ਸੇਵਾ ਮੁਕਤ ਏਅਰ ਚੀਫ਼ ਮਾਰਸ਼ਲ ਬੀਐੱਸ ਧਨੋਆ ਨੇ ਵਿਸ਼ੇਸ਼ ਤੌਰ ’ਤੇ ਪਹੁੰਚ ਕੇ ਕੈਲੀਫੋਰਨੀਆ ਜਾ ਰਹੇ ਅਮਨਦੀਪ ਨੂੰ ਵਧਾਈ ਦਿੱਤੀ। ਅਮਨਦੀਪ 2013 ਤੋਂ ਬਾਅਦ ਭਾਈ ਜੈਤਾ ਜੀ ਫਾਊਂਡੇਸ਼ਨ ਦੀ ਦੇਖ-ਰੇਖ ਹੇਠ ਪੜ੍ਹਾਈ ਕਰ ਰਿਹਾ ਹੈ। ਅਮਨਦੀਪ ਨੇ ਕਿਹਾ ਕਿ ਉਹ ਸੋਲਰ ਸੈੱਲ ’ਤੇ ਕੰਮ ਕਰਨਾ ਚਾਹੁੰਦਾ ਹੈ ਤੇ ਅਜਿਹੀ ਤਕਨੀਕ ਤਿਆਰ ਕਰਨਾ ਚਾਹੁੰਦਾ ਹੈ ਤਾਂ ਜੋ ਕਿਸੇ ਨੂੰ ਦੂਜੇ ’ਤੇ ਨਿਰਭਰ ਨਾ ਰਹਿਣਾ ਪਵੇ। -ਟਨਸ