ਪੱਤਰ ਪ੍ਰੇਰਕ
ਐਸ.ਏ.ਐਸ. ਨਗਰ (ਮੁਹਾਲੀ), 3 ਜੁਲਾਈ
ਆਮ ਆਦਮੀ ਪਾਰਟੀ (ਆਪ) ਦੇ ਸੀਨੀਅਰ ਆਗੂ ਹਰਸੁਖਇੰਦਰ ਸਿੰਘ ਬੱਬੀ ਬਾਦਲ ਨੇ ਕਿਹਾ ਕਿ ਸਿੱਖ ਹੈਰੀਟੇਜ ਐਂਡ ਕਲਚਰਲ ਸੁਸਾਇਟੀ ਵੱਲੋਂ ਸਥਾਪਤ ਸਿੱਖ ਅਜਾਇਬਘਰ ਮੁਹਾਲੀ ਸਮੇਂ ਦੀਆਂ ਸਰਕਾਰਾਂ ਅਤੇ ਧਾਰਮਿਕ ਸੰਸਥਾਵਾਂ ਦੀ ਅਣਦੇਖੀ ਦਾ ਸ਼ਿਕਾਰ ਹੈ। ਇਸ ਸਮੇਂ ਇਹ ਸੰਸਥਾ ਮੁਹਾਲੀ ਸ਼ਮਸ਼ਾਨਘਾਟ ਨੇੜੇ ਬਲੌਂਗੀ ਦੀ ਜ਼ਮੀਨ ਵਿੱਚ ਆਰਜ਼ੀ ਤੌਰ ’ਤੇ ਚੱਲ ਰਹੀ ਹੈ, ਜੋ ਪਿੱਛੇ ਜਿਹੇ ਗਮਾਡਾ ਨੇ ਐਕੁਆਇਰ ਕਰ ਲਈ ਗਈ ਹੈ, ਜਿਸ ਕਾਰਨ ਇਸ ਦੀ ਹੋਂਦ ’ਤੇ ਖ਼ਤਰੇ ਵਿੱਚ ਪੈ ਗਈ ਹੈ। ਉਨ੍ਹਾਂ ਕਿਹਾ ਕਿ ਹੁਣ ਬੁੱਤਸਾਜ਼ ਨੂੰ ‘ਆਪ’ ਸਰਕਾਰ ਤੋਂ ਪੱਕੀ ਥਾਂ ਮਿਲਣ ਦੀ ਆਸ ਬੱਝੀ ਹੈ। ਬੱਬੀ ਬਾਦਲ ਨੇ ਬੁੱਤਸਾਜ਼ ਪਰਵਿੰਦਰ ਸਿੰਘ ਅਤੇ ਸੁਸਾਇਟੀ ਦੇ ਮੈਂਬਰਾਂ ਨੂੰ ਭਰੋਸਾ ਦਿੱਤਾ ਕਿ ਉਹ ਜਲਦੀ ਹੀ ਵਿਧਾਇਕ ਕੁਲਵੰਤ ਸਿੰਘ ਨੂੰ ਨਾਲ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਮਿਲਣਗੇ ਅਤੇ ਸਿੱਖ ਅਜਾਇਬਘਰ ਨੂੰ ਮੌਜੂਦਾ ਜ਼ਮੀਨ ਪੱਕੇ ਤੌਰ ’ਤੇ ਅਲਾਟ ਕਰਵਾਉਣ ਲਈ ਯਤਨ ਕਰਨਗੇ। ਇਸ ਮੌਕੇ ਪ੍ਰਿੰਸੀਪਲ ਬਹਾਦਰ ਸਿੰਘ ਗੋਸਲ, ਰਣਜੀਤ ਸਿੰਘ ਬਰਾੜ, ਜਗਤਾਰ ਸਿੰਘ ਘੜੂੰਆਂ, ਹਰਜਿੰਦਰ ਸਿੰਘ ਕਲੇਰ, ਹਰਭਜਨ ਸਿੰਘ, ਰਛਪਾਲ ਸਿੰਘ ਗਰੇਵਾਲ, ਜਸਵੰਤ ਸਿੰਘ, ਬਲਵਿੰਦਰ ਸਿੰਘ, ਸਟੇਜ ਸਕੱਤਰ ਪਲਵਿੰਦਰ ਸਿੰਘ ਪਾਲੀ ਮੌਜੂਦ ਸਨ।