ਦਰਸ਼ਨ ਸਿੰਘ ਸੋਢੀ
ਐਸ.ਏ.ਐਸ. ਨਗਰ (ਮੁਹਾਲੀ), 25 ਦਸੰਬਰ
ਗਰੇਟਰ ਮੁਹਾਲੀ ਏਰੀਆ ਵਿਕਾਸ ਅਥਾਰਟੀ (ਗਮਾਡਾ) ਵੱਲੋਂ ਮੁਹਾਲੀ ਨਗਰ ਨੂੰ ਇੱਥੋਂ ਸੈਕਟਰ-78 ਵਿੱਚ ਆਲੀਸ਼ਾਨ ਆਡੀਟੋਰੀਅਮ ਦੀ ਉਸਾਰੀ ਲਈ ਲਗਪਗ ਢਾਈ ਏਕੜ ਜ਼ਮੀਨ ਅਲਾਟ ਕਰ ਦਿੱਤੀ ਹੈ। ਇਸ ਗੱਲ ਦਾ ਖੁਲਾਸਾ ਅੱਜ ਇੱਥੇ ਸਾਬਕਾ ਸਿਹਤ ਮੰਤਰੀ ਤੇ ਵਿਧਾਇਕ ਬਲਬੀਰ ਸਿੰਘ ਸਿੱਧੂ ਨੇ ਕੀਤਾ। ਚੇਤੇ ਰਹੇ ਕਿ ਪਿੱਛੇ ਜਿਹੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਵਿਧਾਇਕ ਸਿੱਧੂ ਦੀ ਉਕਤ ਮੰਗ ਨੂੰ ਪ੍ਰਵਾਨ ਕਰਦਿਆਂ ਮੌਕੇ ’ਤੇ ਹੀ ਗਮਾਡਾ ਅਧਿਕਾਰੀਆਂ ਨੂੰ ਆਡੀਟੋਰੀਅਮ ਲਈ ਲੋੜੀਂਦੀ ਥਾਂ ਮੁਹੱਈਆ ਕਰਵਾਉਣ ਦੇ ਹੁਕਮ ਦਿੰਦਿਆਂ ਫੰਡ ਜਾਰੀ ਕਰਨ ਦਾ ਐਲਾਨ ਕੀਤਾ ਸੀ।
ਸ੍ਰੀ ਸਿੱਧੂ ਨੇ ਦੱਸਿਆ ਕਿ ਗਮਾਡਾ ਨੇ ਜ਼ਮੀਨ ਦੀ ਅਲਾਟਮੈਂਟ ਸਬੰਧੀ ਨਗਰ ਨਿਗਮ ਨੂੰ ਪੱਤਰ ਸੌਂਪ ਦਿੱਤਾ ਹੈ। ਗਮਾਡਾ ਨੇ 2.237 ਏਕੜ ਜ਼ਮੀਨ ਨਗਰ ਨਿਗਮ ਨੂੰ ਮੁਫ਼ਤ ਪ੍ਰਦਾਨ ਕੀਤੀ ਹੈ। ਵਿਧਾਇਕ ਸਿੱਧੂ ਨੇ ਦੱਸਿਆ ਕਿ ਛੇਤੀ ਹੀ ਮੁੱਖ ਮੰਤਰੀ ਚਰਨਜੀਤ ਚੰਨੀ ਵੱਲੋਂ ਆਡੀਟੋਰੀਅਮ ਦਾ ਨੀਂਹ ਪੱਥਰ ਰੱਖ ਕੇ ਉਸਾਰੀ ਦਾ ਕੰਮ ਸ਼ੁਰੂ ਕਰਵਾਇਆ ਜਾਵੇਗਾ ਅਤੇ ਨਗਰ ਨਿਗਮ ਵੱਲੋਂ ਤਿੰਨ ਸਾਲਾਂ ਦੇ ਅੰਦਰ ਅੰਦਰ ਆਡੀਟੋਰੀਅਮ ਦੀ ਆਲੀਸ਼ਾਨ ਇਮਾਰਤ ਦੀ ਉਸਾਰੀ ਕੀਤੀ ਜਾਣੀ ਹੈ। ਵਿਧਾਇਕ ਸਿੱਧੂ ਨੇ ਦੱਸਿਆ ਕਿ ਆਡੀਟੋਰੀਅਮ ਦੀ ਉਸਾਰੀ ਲਈ ਸਰਕਾਰ ਨੇ 15 ਕਰੋੜ ਰੁਪਏ ਰਿਲੀਜ਼ ਕਰਨ ਦਾ ਭਰੋਸਾ ਦਿੱਤਾ ਹੈ। ਉਨ੍ਹਾਂ ਕਿਹਾ ਇੱਥੇ ਚੰਡੀਗੜ੍ਹ ਦੇ ਟੈਗੋਰ ਥੀਏਟਰ ਨਾਲੋਂ ਵੀ ਵਧੀਆ ਆਡੀਟੋਰੀਅਮ ਦੀ ਉਸਾਰੀ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਮੁਹਾਲੀ ਸਨਅਤੀ ਹੱਬ ਬਣਦਾ ਜਾ ਰਿਹਾ ਹੈ। ਆਡੀਟੋਰੀਅਮ ਵਿੱਚ ਕੌਮੀ ਪੱਧਰ ਦੀਆਂ ਕਾਨਫ਼ਰੰਸਾਂ ਕਰਵਾਉਣ ਲਈ ਵੀ ਬੰਦੋਬਸਤ ਕੀਤਾ ਜਾਵੇਗਾ।