ਹਰਜੀਤ ਸਿੰਘ
ਜ਼ੀਰਕਪੁਰ, 25 ਜੂਨ
ਵਿਧਾਇਕ ਐੱਨ.ਕੇ. ਸ਼ਰਮਾ ਨੈ ਕਥਿਤ ਦੋਸ਼ ਲਾਇਆ ਕਿ ਕਾਂਗਰਸ ਪਾਰਟੀ ਵੱਲੋਂ ਸਰਕਾਰੀ ਕੰਮਾਂ ਦੇ ਟੈਂਡਰਾਂ ਦੀ ਅਲਾਟਮੈਂਟ ਵਿਚ ਘਪਲੇ ਅਤੇ ਨਗਰ ਕੌਸਲਾਂ ਦੇ ਫੰਡਾਂ ਵਿੱਚ ਵੱਡੇ ਪੱਧਰ ’ਤੇ ਹੇਰਾਫੇਰੀ ਕੀਤੀ ਜਾ ਰਹੀ ਹੈ।
ਇੱਥ ਪ੍ਰੈੱਸ ਕਾਨਫਰੰਸ ਦੌਰਾਨ ਸ਼ਰਮਾ ਨੇ ਕਿਹਾ ਕਿ ਜ਼ੀਰਕਪੁਰ ਨਗਰ ਕੌਂਸਲ ਦੇ ਕਾਂਗਰਸੀ ਪ੍ਰਧਾਨ ਉਦੈਵੀਰ ਸਿੰਘ ਢਿੱਲੋਂ ਵੱਲੋਂ ਕੌਂਸਲ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਮੋਟੀਆਂ ਰਕਮਾਂ ਲੈ ਕੇ ਆਪਣੇ ਚਹੇਤੇ ਠੇਕੇਦਾਰਾਂ ਨੂੰ ਫੁਲ ਰੇਟ ’ਤੇ ਸਰਕਾਰੀ ਕੰਮ ਵੰਡੇ ਜਾ ਰਹੇ ਹਨ। ਜਦਕਿ ਹੋਰ ਘੱਟ ਰੇਟ ਦੇਣ ਵਾਲੇ ਠੇਕੇਦਾਰਾਂ ਨੂੰ ਵਿਕਾਸ ਕੰਮ ਅਲਾਟ ਨਹੀਂ ਕੀਤੇ ਜਾ ਰਹੇ ਹਨ। ਵਿਕਾਸ ਕਾਰਜਾਂ ਦੇ ਟੈਂਡਰ ਖੋਲ੍ਹਣ ਤੋਂ ਪਹਿਲਾਂ ਠੇਕੇਦਾਰਾਂ ਤੋਂ ਲੱਖਾਂ ਰੁਪਏ ਇਕੱਤਰ ਕੀਤੇ ਗਏ ਹਨ। ਉਨ੍ਹਾਂ ਦੱਸਿਆ ਸਰਕਾਰੀ ਕੰਮਾਂ ਦੇ ਟੈਂਡਰ ਭਰਨ ਲਈ ਪੋਰਟਲ ’ਤੇ ਈ-ਟੈਂਡਰਿੰਗ ਕੀਤੀ ਜਾਂਦੀ ਹੈ। ਇਹ ਆਪਣੀ ਮਰਜ਼ੀ ਨਾਲ ਪੋਰਟਲ ਬੰਦ ਕਰ ਦਿੰਦੇ ਹਨ। ਉਨ੍ਹਾਂ ਕਿਹਾ ਕਿ 4 ਜੂਨ ਨੂੰ ਖੋਲ੍ਹੇ ਜਾਣ ਵਾਲੇ ਟੈਂਡਰ ਹਾਲੇ ਤੱਕ ਨਹੀਂ ਖੋਲ੍ਹੇ ਗਏ ਕਿਉਂਕਿ ਉਨ੍ਹਾਂ ਵੱਲੋਂ ਪਹਿਲਾਂ ਠੇਕੇਦਾਰਾਂ ਨਾਲ ਸੈਟਿੰਗ ਕਰਕੇ ਫਿਰ ਅਲਾਟਮੈਂਟ ਕੀਤੀ ਜਾਂਦੀ ਹੈ।
ਉਨ੍ਹਾਂ ਕਿਹਾ ਕਿ ਇੱਕ ਸੁਸਾਇਟੀ ਵੱਲੋਂ ਦਿੱਤੇ ਗਏ ਕੰਮਾਂ ’ਤੇ 32 ਤੋਂ 50 ਪ੍ਰਤੀਸ਼ਤ ਤੱਕ ਛੋਟ ਦੇਣ ਦੇ ਬਾਵਜੂਦ ਵੀ ਉਸ ਨੂੰ ਕੰਮ ਅਲਾਟ ਨਹੀਂ ਕੀਤੇ ਗਏ ਸਗੋਂ ਦੂਜੇ ਠੇਕੇਦਾਰਾਂ ਨੂੰ ਸਿਰਫ਼ 5 ਤੋਂ 7 ਪ੍ਰਤੀਸ਼ਤ ਛੋਟ ’ਤੇ ਕੰਮ ਅਲਾਟ ਕਰ ਦਿੱਤੇ ਗਏ। ਇਕ ਵਾਰਡ ਵਿੱਚ 47 ਲੱਖ ਰੁਪਏ ਦੇ ਸਪੀਡ ਬਰੇਕਰ ਬਣਾਉਣੇ ਅਤੇ 49 ਲੱਖ ਰੁਪਏ ਨਾਲ ਗਜੀਬੋ ਬਣਾਉਣਾ ਕਾਂਗਰਸ ਦੀ ਭ੍ਰਿਸ਼ਟਾਚਾਰ ਦੇ ਵੱਡੇ ਸਬੂਤ ਹਨ।
ਨਿਯਮਾਂ ਮੁਤਾਬਕ ਟੈਂਡਰ ਦਿੱਤੇ ਜਾ ਰਹੇ ਨੇ: ਪ੍ਰਧਾਨ
ਨਗਰ ਕੌਂਸਲ ਜ਼ੀਰਕਪੁਰ ਦੇ ਪ੍ਰਧਾਨ ਉਦੈਵੀਰ ਸਿੰਘ ਢਿੱਲੋਂ ਨੇ ਕਿਹਾ ਕਿ ਪੂਰੇ ਨਿਯਮਾਂ ਦੀ ਪਾਲਣਾ ਕਰ ਵਿਕਾਸ ਕੰਮਾਂ ਦੇ ਟੈਂਡਰ ਅਲਾਟ ਕੀਤੇ ਜਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਕਾਂਗਰਸ ਵੱਲੋਂ ਹਲਕੇ ਰਿਕਾਰਡ ਤੋੜ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ, ਜੋ ਹਲਕਾ ਵਿਧਾਇਕ ਨੂੰ ਬਰਦਾਸ਼ਤ ਨਹੀਂ ਹੋ ਰਹੇ ਅਤੇ ਬੇਬੁਨਿਆਦ ਦੋਸ਼ ਲਾ ਰਹੇ ਹਨ।